Former DGP S Chattopadhyay; ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਖ਼ਿਲਾਫ਼ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਸਾਬਕਾ DGP ਪੰਜਾਬ ਸਿਧਾਰਥ ਚਟੋਪਾਧਿਆਏ ਸ਼ੁੱਕਰਵਾਰ ਨੂੰ ਸੈਕਟਰ 32 ਸਥਿਤ ਪੰਜਾਬ ਪੁਲਿਸ ਅਫਸਰ ਇੰਸਟੀਟਿਊਟ ‘ਚ ਆਪਣੇ ਬਿਆਨ ਦਰਜ ਕਰਵਾਉਣ ਪਹੁੰਚੇ।
ਸਾਬਕਾ ਡੀਜੀਪੀ ਐਸ ਚਟੋਪਾਧਿਆਏ ਨੇ ਵਿਜੀਲੈਂਸ ਦੇ ਤਫਤੀਸ਼ੀ ਅਫਸਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਵਿਜੀਲੈਂਸ ਕੋਲ ਕੋਈ ਪੁੱਛਗਿਛ ਨਹੀਂ ਹੋਈ ਤੇ ਨਾ ਹੀ ਉਨ੍ਹਾਂ ਕੋਈ ਬਿਆਨ ਦਰਜ ਕਰਵਾਏ ਹਨ। ਸਾਬਕਾ ਡੀਜੀਪੀ ਨੇ ਕਿਹਾ ਕਿ ਉਹ ਤਾਂ ਤਫਤੀਸ਼ੀ ਅਫਸਰਾਂ ਨੂੰ ਆਪਣੀ ਨੌਕਰੀ ਦੇ ਤਜਰਬੇ ਤੇ ਪੁਰਾਣੇ ਸਬੂਤਾਂ ਬਾਰੇ ਜਾਣਕਾਰੀ ਦੇਣ ਆਏ ਸਨ। ਉਨ੍ਹਾਂ ਵਾਰ-ਵਾਰ ਪੁੱਛਣ ਤੇ 540 ਕਰੋੜ ਰੁਪਏ ਦੇ ਹਵਾਲੇ ਮਾਮਲੇ ਬਾਰੇ ਸਪਸ਼ਟ ਕਿਹਾ ਕਿ 540 ਕਰੋੜ ਬਾਰੇ ਕੁਝ ਨਹੀਂ ਪਤਾ ਪਰ ਡਰੱਗ ਤਸਕਰਾਂ ਨਾਲ ਮਿਲੀਭੁਗਤ ਤੇ ਬਾਹਰੋਂ ਪੈਸੇ ਆਉਣ ਸਬੰਧੀ ਬਹੁਤ ਜ਼ਿਆਦਾ ਸਬੂਤ ਹਨ। ਉਨ੍ਹਾਂ ਕਿਹਾ ਕਿ 2012-13 ‘ਚ ਵੀ ਸਬੂਤ ਸਨ ਪਰ ਤਤਕਾਲੀ ਸਰਕਾਰ ਨੇ ਬਿਕਰਮ ਮਜੀਠੀਆ ਖਿਲਾਫ਼ ਕੋਈ ਕਾਰਵਾਈ ਨਹੀਂ ਹੋਣ ਦਿੱਤੀ। ਉਨ੍ਹਾਂ ਕਿਹਾ ਕਿ 2021 ‘ਚ ਡਰੱਗ ਮਾਮਲੇ ‘ਚ ਮੁੜ ਕਾਰਵਾਈ ਸ਼ੁਰੂ ਹੋਈ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਬਦਲ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ ਕਿਉਂਕਿ ਜਿਸ ਪਾਸਿਓਂ ਨਸ਼ੇ ਆ ਰਹੇ ਨੇ, ਉਥੋਂ ਹੀ ਹਥਿਆਰ ਭੇਜੇ ਜਾ ਰਹੇ ਹਨ ਜਿਸ ਕਰਕੇ ਇਸ ਮਾਮਲੇ ਦੀ ਤਹਿ ਤਕ ਜਾਣਾ ਜ਼ਰੂਰੀ ਹੈ।
ਦੱਸ ਦੇਈਏ ਕਿ ਸਾਬਕਾ ਡੀਜੀਪੀ ਚਟੋਪਾਧਿਆਏ ਦੇ ਬਿਆਨ ‘ਤੇ ਹੀ ਪੁਲਿਸ ਨੇ 20 ਦਸੰਬਰ 2021 ਨੂੰ ਮਜੀਠੀਆ ‘ਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ‘ਚ ਮਜੀਠੀਆ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਸੀ। ਇਸ ਤੋਂ ਬਾਅਦ, ਵਿਜੀਲੈਂਸ ਨੇ 25 ਜੂਨ ਨੂੰ ਸਵੇਰੇ 4:40 ਵਜੇ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਇਕ ਨਵੀਂ ਐਫਆਈਆਰ ਦਰਜ ਕੀਤੀ। ਇਸ ਮਾਮਲੇ ‘ਚ ਵਿਜੀਲੈਂਸ ਨੇ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਨੇ ਵੀਰਵਾਰ ਨੂੰ ਮਜੀਠੀਆ ਨੂੰ ਮੁਹਾਲੀ ਕੋਰਟ ‘ਚ ਪੇਸ਼ ਕੀਤਾ ਸੀ, ਜਿੱਥੇ ਕੋਰਟ ਨੇ ਉਨ੍ਹਾਂ ਨੂੰ 7 ਦਿਨਾਂ ਦਾ ਰਿਮਾਂਡ ਦਿੱਤਾ। ਇਸ ਮਾਮਲੇ ‘ਚ ਵਿਜੀਲੈਂਸ ਨੇ ਸਾਬਕਾ ਡੀਜੀਪੀ ਨੂੰ ਆਪਣੇ ਬਿਆਨ ਦਰਜ ਕਰਨ ਦੀ ਅਪੀਲ ਕੀਤੀ ਸੀ। ਜਿਸ ‘ਤੇ ਸਾਬਕਾ ਡੀਜੀਪੀ ਚਟੋਪਾਧਿਆਏ ਅੱਜ ਦੁਪਹਿਰ ਆਪਣੇ ਬਿਆਨ ਦਰਜ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪਹਿਲਾਂ ਉਹ ਆਪਣਾ ਬਿਆਨ ਦਰਜ ਕਰਵਾ ਦਿੰਦੇ ਹਨ, ਫਿਰ ਉਹ ਮੀਡੀਆ ਨਾਲ ਗੱਲਬਾਤ ਕਰਨਗੇ।