Punjab news; ਅਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਪਾਕਿਸਤਾਨ ਬਾਰਡਰ ਤੇ ਤੈਨਾਤ ਅਗਨੀਵੀਰ ਅਕਾਸ਼ਦੀਪ ਦੀ ਗੋਲੀ ਲੱਗਣ ਨਾਲ ਹੋਈ ਮੌਤ ਤੋਂ ਕਰੀਬ 2 ਮਹੀਨੇ ਬੀਤ ਜਾਣ ਬਾਅਦ ਵੀ ਫੌਜ ਜਾਂ ਸਰਕਾਰ ਵੱਲੋਂ ਉਸ ਨੂੰ ਸ਼ਹੀਦ ਕਰਾਰ ਨਾਂ ਦਿੱਤੇ ਜਾਣ ਦੇ ਵਿਰੋਧ ਵਿਚ ਅੱਜ ਬੀਕੇਯੂ ਸਿੱਧੂਪੁਰ ਵੱਲੋਂ ਅਗਨੀਵੀਰ ਅਕਾਸ਼ਦੀਪ ਦੇ ਮਾਤਾ ਪਿਤਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਫਰੀਦਕੋਟ ‘ਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਅਗਨੀਵੀਰ ਅਕਾਸ਼ਦੀਪ ਦੀ ਮਾਂ ਨੇ ਰੋਂਦੇ ਹੋਏ ਆਪਣੀ ਝੋਲੀ ਅੱਡਦਿਆਂ ਕਿਹਾ ਕਿ ਉਸ ਦੇ ਬੱਚੇ ਨੇ ਆਪਣੇ ਦੇਸ਼ ਦੀ ਖਾਤਰ ਆਪਣੀ ਜਾਨ ਦਿੱਤੀ ਹੈ ਅਤੇ ਉਸ ਦੀ ਕੁਰਬਾਨੀ ਨੰ ਮਿੱਟੀ ‘ਚ ਰੋਲਿਆ ਨਾ ਜਾਵੇ, ਸਗੋਂ ਸਰਕਾਰ ਉਸ ਨੰ ਜਲਦ ਤੋਂ ਜਲਦ ਸ਼ਹੀਦ ਦਾ ਦਰਜਾ ਦੇ ਕੇ ਉਸਦਾ ਬਣਦਾ ਮਾਨ ਸਨਮਾਨ ਬਹਾਲ ਕਰੇ। ਉਹਨਾਂ ਕਿਹਾ ਕਿ ਉਹਨਾਂ ਨੇ ਹੁਣ ਤੱਕ ਆਪਣੇ ਪੁੱਤ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕੀਤੀਆ ਅਤੇ ਉਨਾਂ ਚਿਰ ਅਸਥੀਆਂ ਜਲ ਪ੍ਰਵਾਹ ਨਹੀਂ ਕਰਨਗੇ ਜਿੰਨਾਂ ਚਿਰ ਸਰਕਾਰ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੰਦੀ। ਉਹਨਾਂ ਕਿਹਾ ਕਿ ਉਹ ਅੱਜ ਆਪਣੇ ਪੁੱਤ ਨੂੰ ਇਨਸਾਫ ਦਵਾਉਣ ਲਈ ਦਰ ਦਰ ਭਟਕ ਰਹੀ ਹੈ ਅਤੇ ਉਹ ਕਿਸੇ ਵੀ ਹਾਲਤ ਵਿਚ ਨਹੀਂ ਰੁਕੇਗੀ ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੇ ਕਿ ਇਕ ਮਾਂ ਦਾ ਪੁੱਤ ਭਰ ਜਵਾਨੀ ਵਿਚ ਦੇਸ਼ ਲਈ ਸ਼ਹੀਦ ਹੋ ਗਿਆ ਪਰ ਸਰਕਾਰ ਵੱਲੋਂ ਅੱਜ ਤੱਕ ਉਸ ਨੂੰ ਸ਼ਹੀਦ ਨਹੀਂ ਮੰਨਿਆਂ ਗਿਆ। ਉਹਨਾਂ ਕਿਹਾ ਕਿ ਪਾਕਿਸਤਾਨ ਨੂੰ ਜੇਕਰ ਹਰਾਇਆ ਹੈ ਤਾਂ ਸਾਡੇ ਦੇਸ਼ ਦੇ ਫੌਜੀ ਜਵਾਨਾਂ ਅਗਨੀਵੀਰ ਅਕਾਸ਼ਦੀਪ ਵਰਗੇ ਯੋਧਿਆਂ ਨੇ ਹਰਾਇਆ ਹੈ , ਪਰ ਤੁਸੀਂ ਹੁਣ ਉਹਨਾਂ ਅਸਲ ਯੋਧਿਆਂ ਨੂੰ ਸ਼ਹੀਦ ਕਰਾਰ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਅੱਜ ਉਹਨਾਂ ਵੱਲੋਂ ਇਕ ਰੋਸ਼ ਮਾਰਚ ਕਰ ਕੇ ਰੋਸ਼ ਪ੍ਰਦਰਸਨ ਕੀਤਾ ਜਾ ਰਿਹਾ ਹੈ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਉਹਨਾਂ ਕੋਲ ਇਹ ਮੰਗ ਤੇ ਵਿਚਾਰ ਕੀਤਾ ਜਾਵੇਗਾ। ਜੇਕਰ ਗੱਲਬਾਤ ਨਾਲ ਕੋਈ ਹੱਲ ਨਾ ਨਿਕਲਿਆ ਤਾਂ ਉਹ ਅਗਲੇ ਸੰਘਰਸ਼ ਦਾ ਐਲਾਨ ਕਰਨਗੇ।