Amritsar: ਮੀਡੀਆ ਨਾਲ ਗੱਲ ਕਰਦਿਆਂ ਅਹਾਨ ਸ਼ੈੱਟੀ ਨੇ ਕਿਹਾ ਕਿ ਉਸਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਉਹ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਯੋਗ ਹੋਇਆ।
Ahan Shetty visited Sri Harmandir Sahib: ਬਾਲੀਵੁੱਡ ਐਕਟਰ ਸੁਨੀਲ ਸ਼ੈੱਟੀ ਦਾ ਬੇਟਾ ਅਹਾਨ ਸ਼ੈੱਟੀ ਸ੍ਰੀ ਹਰਿਮੰਦਰ ਸਾਹਿਬ ਨਤਸਮਤਕ ਹੋਣ ਪਹੁੰਚਿਆ। ਦੱਸ ਦਈਏ ਕਿ ਅਹਾਨ ਬਾਰਡਰ 2 ਫ਼ਿਲਮ ਦੀ ਸ਼ੂਟਿੰਗ ਲਈ ਅੰਮ੍ਰਿਤਸਰ ਆਇਆ ਸੀ ਅਤੇ ਬੀਤੇ ਦਿਨੀਂ ਉਸ ਦੀ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋ ਗਈ ਜਿਸ ਤੋਂ ਬਾਅਦ, ਉਸਨੇ ਗੁਰਦੁਆਰਾ ਸਾਹਿਬ ‘ਚ ਆ ਕੇ ਰੱਬ ਦਾ ਸ਼ੁਕਰਾਨਾ ਕੀਤਾ ਅਤੇ ਫਿਲਮ ਲਈ ਅਰਦਾਸ ਕੀਤੀ।
ਗੁਰੂ ਘਰ ਵਿੱਚ ਮੱਥਾ ਟੇਕਣ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਅਹਾਨ ਸ਼ੈੱਟੀ ਨੇ ਕਿਹਾ ਕਿ ਉਸਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਉਹ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਯੋਗ ਹੋਇਆ। ਉਸਨੇ ਕਿਹਾ ਕਿ ਇਸ ਸਥਾਨ ਦੀ ਸ਼ਾਂਤੀ ਬਾਕੀ ਸਾਰਿਆਂ ਨਾਲੋਂ ਵੱਖਰੀ ਹੈ। ਉਹ ਅੰਮ੍ਰਿਤਸਰ ਸਿਰਫ਼ ਤਿੰਨ ਦਿਨਾਂ ਲਈ ਆਇਆ ਸੀ, ਪਰ ਇੱਥੋਂ ਦੇ ਲੋਕਾਂ ਦਾ ਪਿਆਰ ਉਸਨੂੰ ਵਾਰ-ਵਾਰ ਬੁਲਾਵੇਗਾ ਤੇ ਉਸਨੂੰ ਉਮੀਦ ਹੈ ਕਿ ਉਹ ਜਲਦੀ ਹੀ ਇੱਥੇ ਫਿਰ ਤੋਂ ਆਵੇਗਾ।
ਫਿਲਮ ਬਾਰੇ ਅਹਾਨ ਨੇ ਸ਼ੇਅਰ ਕੀਤੀ ਖਾਸ ਗੱਲਾਂ
ਉਨ੍ਹਾਂ ਕਿਹਾ ਕਿ ਸੰਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਫਿਲਮ ਬਾਰਡਰ 2 ਦੀ ਸ਼ੂਟਿੰਗ ਵਿੱਚ ਹਨ। ਇਸ ਦੇ ਨਾਲ ਹੀ, ਅਹਾਨ ਸ਼ੈੱਟੀ ਦੇ ਪਿਤਾ ਸੁਨੀਲ ਸ਼ੈੱਟੀ ਇਸ ਫਿਲਮ ਵਿੱਚ ਨਹੀਂ ਹਨ, ਜੋ ਬਾਰਡਰ ਦੇ ਪਹਿਲੇ ਪਾਰਟ ਦਾ ਅਹਿਮ ਹਿੱਸਾ ਸੀ। ਬਾਰਡਰ 2 ਦੀ ਕਹਾਣੀ 1971 ਦੀ ਭਾਰਤ-ਪਾਕਿਸਤਾਨ ਜੰਗ ‘ਤੇ ਅਧਾਰਤ ਹੈ। ਅਹਾਨ ਨੇ ਦੱਸਿਆ ਕਿ ਬਾਕੀ ਸਸਪੈਂਸ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਹੀ ਖਤਮ ਹੋਵੇਗਾ।
ਦਿਲਜੀਤ ਦੋਸਾਂਝ ਨੇ ਵੀ ਸ਼ੇਅਰ ਕੀਤੀ ਸੀ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਣ ਦੀ ਵੀਡੀਓ
ਐਕਟਰ ਤੇ ਸਿੰਗਰ ਦਿਲਜੀਤ ਦੋਸਾਂਝ ਨੇ ਵੀ ਬਾਰਡਰ 2 ਦੀ ਸ਼ੂਟਿੰਗ ਪੂਰੀ ਹੋਣ ਦਾ ਵੀਡੀਓ ਸਾਂਝਾ ਕੀਤਾ। ਜਿਸ ਵਿੱਚ ਦਿਲਜੀਤ ਅੰਮ੍ਰਿਤਸਰ ਦੇ ਪਿੰਡਾਂ ਵਿੱਚ ਲੋਕਾਂ ਨੂੰ ਲੱਡੂ ਵੰਡਦੇ ਅਤੇ ਸਾਰਿਆਂ ਨੂੰ ਜੱਫੀ ਪਾਉਂਦੇ ਦਿਖਾਈ ਦੇ ਰਹੇ ਹਨ। ਦਿਲਜੀਤ ਨੇ ਹਵਾਈ ਅੱਡੇ ਤੋਂ ਨਿਕਲਦੇ ਹੋਏ ਆਪਣਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।