Punjab Latest News; ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਕੱਲ੍ਹ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ ਬਿਕਰਮ ਸਿੰਘ ਮਜੀਠੀਆ ਮੋਹਾਲੀ ਅਦਾਲਤ ‘ਚ ਸਵੇਰੇ 10 ਵਜੇ ਦੇ ਕਰੀਬ ਪੇਸ਼ ਹੋਣਗੇ ‘ਤੇ ਇਸਤੋਂ ਪਹਿਲਾਂ ਉਹਨਾਂ ਦਾ ਪਹਿਲਾਂ ਮੈਡੀਕਲ ਵੀ ਕੀਤਾ ਜਾਵੇਗਾ।
ਦੱਸ ਦੇਈਏ ਕਿ ਪੰਜਾਬ ਵਿਜੀਲੈਂਸ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤੀ ਗਈ ਹੈ। ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਵਿਜੀਲੈਂਸ ਟੀਮ ਮਜੀਠੀਆ ਨੂੰ ਮੋਹਾਲੀ ਲੈ ਗਈ। ਜਿੱਥੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਅਦਾਲਤ ਦੇ ਬਾਹਰ ਅਕਾਲੀ ਦਲ ਦੇ ਆਗੂ ਅਤੇ ਸਮਰਥਕ ਪਹੁੰਚਣੇ ਸ਼ੁਰੂ ਹੋ ਗਏ ਹਨ, ਵਰਕਰ ਇੱਥੇ ਨਾਅਰੇਬਾਜ਼ੀ ਕਰ ਰਹੇ ਹਨ।
ਦੱਸ ਦੇਈਏ ਕਿ ਵਿਜੀਲੈਂਸ ਨੇ ਬਿਕਰਮ ਮਜੀਠੀਆ ਦੇ ਘਰੋਂ 29 ਮੋਬਾਈਲ ਫੋਨ, 4 ਲੈਪਟਾਪ, 2 ਆਈਪੈਡ, 8 ਡਾਇਰੀਆਂ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਹਨ। ਵਿਜੀਲੈਂਸ ਟੀਮ ਬੁੱਧਵਾਰ ਸਵੇਰੇ ਐਸਐਸਪੀ ਲਖਬੀਰ ਸਿੰਘ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਸਥਿਤ ਮਜੀਠੀਆ ਦੇ ਘਰ ਪਹੁੰਚੀ। ਇਸ ਦੌਰਾਨ ਮਜੀਠੀਆ ਦੀ ਵਿਜੀਲੈਂਸ ਟੀਮ ਨਾਲ ਬਹਿਸ ਵੀ ਹੋਈ। ਜਿਸ ਦੀਆਂ ਵੀਡੀਓਜ਼ ਮਜੀਠੀਆ ਨੇ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀਆਂ।
ਮਜੀਠੀਆ ਨੇ ਕਿਹਾ ਕਿ ਸਾਰੀ ਕਾਰਵਾਈ ਰਾਜਨੀਤਿਕ ਬਦਲਾਖੋਰੀ ਵਜੋਂ ਕੀਤੀ ਜਾ ਰਹੀ ਹੈ। ਪਰ, ਉਹ ਇਸ ਤੋਂ ਡਰਨ ਵਾਲੇ ਨਹੀਂ ਹਨ। ਮਜੀਠੀਆ ਦੀ ਵਿਧਾਇਕ ਪਤਨੀ ਗਨੀਵ ਕੌਰ ਨੇ ਕਿਹਾ ਕਿ ਵਿਜੀਲੈਂਸ ਟੀਮ ਜ਼ਬਰਦਸਤੀ ਘਰ ਵਿੱਚ ਦਾਖਲ ਹੋਈ ਅਤੇ ਉਨ੍ਹਾਂ ਨੂੰ ਧੱਕਾ ਦਿੱਤਾ।