Himachal Pradesh : ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਮਨੀਕਰਨ ਵਿੱਚ ਗੁਰਦੁਆਰੇ ਦੇ ਨੇੜੇ ਇੱਕ ਵੱਡਾ ਢਿੱਗਾਂ ਡਿੱਗਣ ਦੀ ਘਟਨਾ ਵਾਪਰੀ ਹੈ। ਇਸ ਘਟਨਾ ‘ਚ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਅਧਿਕਾਰੀ ਮਲਬਾ ਹਟਾ ਰਹੇ ਹਨ ਅਤੇ ਬਚੇ ਲੋਕਾਂ ਦੀ ਭਾਲ ਕਰ ਰਹੇ ਹਨ। ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦਾ ਸ਼ੱਕ ਹੈ।
ਜ਼ਮੀਨ ਖਿਸਕਣ ਦੌਰਾਨ ਪਹਾੜੀ ਤੋਂ ਤੇਜ਼ ਰਫਤਾਰ ਨਾਲ ਜਾ ਰਿਹਾ ਮਲਬਾ ਹੇਠਾਂ ਡਿੱਗ ਕੇ ਦਰੱਖਤ ਨਾਲ ਟਕਰਾ ਗਿਆ। ਝਟਕੇ ਨਾਲ ਦਰੱਖਤ ਉੱਖੜ ਕੇ ਸੜਕ ‘ਤੇ ਡਿੱਗ ਗਿਆ, ਜਿਸ ਦੇ ਹੇਠਾਂ ਕਈ ਲੋਕ ਬੈਠੇ ਸਨ। ਇਸ ਹਾਦਸੇ ਵਿੱਚ ਇੱਕ ਰੇਹੜੀ ਵਾਲੇ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ‘ਚੋਂ ਦੋ ਵਿਅਕਤੀ ਸੂਮੋ ਕਾਰ ‘ਚ ਸਵਾਰ ਸਨ, ਜਦਕਿ ਤਿੰਨ ਹੋਰ ਸੈਲਾਨੀ ਸਨ ਜੋ ਮੌਕੇ ‘ਤੇ ਹੀ ਦੱਬ ਗਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਕੁੱਲੂ ਦੇ ਏਡੀਐਮ ਅਸ਼ਵਨੀ ਕੁਮਾਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲੀਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ ਅਤੇ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।