Foundation stone of nature awareness camp laid:ਪੰਜਾਬ ਸਰਕਾਰ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਮੰਤਰੀ ਲਾਲ ਚੰਦ ਕਟਾਰੂਚਕ ਨੇ ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਦੀ ਮੌਜੂਦਗੀ ਵਿੱਚ ਦਸੂਹਾ ਮੰਡਲ ਦੀ ਤਲਵਾੜਾ-2 ਰੇਂਜ ਦੇ ਸਰਕਾਰੀ ਜੰਗਲ ਕਰਨਪੁਰ ਸੀ-3(ਬੀ) ਸਥਿਤ ਹਵਾ ਮਹਿਲ ਵਿਖੇ ‘ਨੇਚਰ ਅਵੇਅਰਨੈੱਸ ਕੈਂਪ’ ਦਾ ਨੀਂਹ ਪੱਥਰ ਰੱਖਿਆ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਪ੍ਰੋਜੈਕਟ ਈਕੋ-ਟੂਰਿਜ਼ਮ ਦੇ ਤਹਿਤ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਦੀ ਅੰਦਾਜ਼ਨ ਲਾਗਤ ਲਗਭਗ 80 ਲੱਖ ਰੁਪਏ ਹੈ। ਇਹ ਕੈਂਪ ਪੌਂਗ ਡੈਮ ਦੇ ਨੇੜੇ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੋਵੇਗਾ। ਇਸ ਵਿੱਚ 2 ਅਸਥਾਈ ਝੋਂਪੜੀਆਂ, 1 ਰਸੋਈ, 1 ਡਾਇਨਿੰਗ ਹਾਲ ਅਤੇ ਸਥਾਨਕ ਨਿਵਾਸੀਆਂ ਲਈ ਕੈਂਟੀਨ ਦੀ ਸਹੂਲਤ ਵੀ ਸ਼ਾਮਲ ਹੋਵੇਗੀ।
ਕੈਂਪ ਤੋਂ ਤਲਵਾੜਾ ਤੱਕ 2 ਕਿਲੋਮੀਟਰ ਲੰਬੀ ‘ਨੇਚਰ ਟ੍ਰੇਲ’ ਬਣਾਈ ਜਾਵੇਗੀ ਅਤੇ ਸ਼ਾਹ ਨਹਿਰ ਬੈਰਾਜ ‘ਤੇ ਵਾਟਰ ਸਪੋਰਟਸ ਦੀ ਸਹੂਲਤ ਵੀ ਸੈਲਾਨੀਆਂ ਲਈ ਉਪਲਬਧ ਹੋਵੇਗੀ।
ਪੌਂਗ ਡੈਮ, ਜੋ ਹਰ ਸਾਲ ਲੱਖਾਂ ਪ੍ਰਵਾਸੀ ਪੰਛੀਆਂ ਦਾ ਗੜ੍ਹ ਹੁੰਦਾ ਹੈ, ਹੁਣ ਸੈਲਾਨੀਆਂ ਲਈ ਇੱਕ ਨਵਾਂ ਠਹਿਰਾਅ ਸਥਾਨ ਬਣੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਸਥਾਨਕ ਨੌਜਵਾਨਾਂ ਨੂੰ ਨੇਚਰ ਗਾਈਡ ਵਜੋਂ ਸਿਖਲਾਈ ਦਿੱਤੀ ਜਾ ਰਹੀ ਹੈ, ਜੋ ਸੈਲਾਨੀਆਂ ਨੂੰ ਪੰਛੀ ਦੇਖਣ ਦੇ ਨਾਲ-ਨਾਲ ਕੁਦਰਤ ਪ੍ਰਤੀ ਜਾਗਰੂਕ ਵੀ ਕਰਨਗੇ। ਇਹ ਪ੍ਰੋਜੈਕਟ ਆਮਦਨ ਸ਼ੇਅਰਿੰਗ
ਮਾਡਲ ‘ਤੇ ਅਧਾਰਤ ਹੋਵੇਗਾ, ਜਿਸ ਨਾਲ ਸਥਾਨਕ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।
ਲਾਲ ਚੰਦ ਕਟਾਰੂਚਕ ਨੇ ਦੱਸਿਆ ਕਿ ਤਲਵਾੜਾ ਦੇ ਨੇੜੇ ਸਥਿਤ ਰਾਕ ਗਾਰਡਨ (2-3 ਕਿਲੋਮੀਟਰ) ਪਹਿਲਾਂ ਹੀ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਹੈ। ਇਹ ਨਵਾਂ ਕੈਂਪ ਸੈਰ-ਸਪਾਟੇ ਨੂੰ ਹੋਰ ਵੀ ਗਤੀ ਦੇਵੇਗਾ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਲੋਕ ਹਿਤੈਸ਼ੀ ਫੈਸਲੇ ਲੈ ਕੇ ਸੂਬੇ ਦਾ ਸਰਵਪੱਖੀ ਵਿਕਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੀ ਚੌਹਾਲ ਡੈਮ, ਮੈਲੀ ਡੈਮ, ਥਾਣਾ ਡੈਮ ਅਤੇ ਪਠਾਨਕੋਟ ਦੇ ਧਾਰ ਖੇਤਰ ਨੂੰ ਈਕੋ ਟੂਰਿਜ਼ਮ ਦੇ ਰੂਪ ਵਿੱਚ ਵਿਕਸਤ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੂਬੇ ਵਿੱਚ ਈਕੋ ਟੂਰਿਜ਼ਮ ਦੇ ਹੋਰ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ।
ਇਸ ਮੌਕੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਤਲਵਾੜਾ ਖੇਤਰ ਵਿੱਚ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ‘ਹਵਾ ਮਹਿਲ’ ਨੂੰ ਸੈਰ-ਸਪਾਟੇ ਦੇ ਰੂਪ ਵਿੱਚ ਵਿਕਸਤ ਕੀਤਾ ਜਾਵੇ, ਜਿਸ ਦੀ ਸ਼ੁਰੂਆਤ ਅੱਜ ਹੋ ਗਈ ਹੈ।
ਇਸ ਮੌਕੇ ‘ਤੇ ਪ੍ਰਧਾਨ ਮੁੱਖ ਵਣਪਾਲ ਧਰਮਿੰਦਰ ਸ਼ਰਮਾ, ਵਣਪਾਲ ਨਾਰਥ ਨਾਰਥ ਸਰਕਲ ਡਾ. ਸੰਜੀਵ ਕੁਮਾਰ ਤਿਵਾੜੀ, ਵਣ ਮੰਡਲ ਅਧਿਕਾਰੀ ਅੰਜਨ ਸਿੰਘ, ਤਲਵਾੜਾ-2 ਰੇਂਜ, ਵਣ ਮੰਡਲ ਅਧਿਕਾਰੀ ਹੁਸ਼ਿਆਰਪੁਰ ਅਮਨੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।