Chandigarh Police: ਡੀਐਸਪੀ ਵੈਂਕਟੇਸ਼ ਅਤੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਇਰਮ ਰਿਜ਼ਵੀ ਨੇ ਇਸ ਕਾਰਵਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
Dgital Fraud Case in Chandigarh: ਚੰਡੀਗੜ੍ਹ ਵਿੱਚ ਪੁਲਿਸ ਨੇ ਇੱਕ ਵੱਡੇ ਡਿਜੀਟਲ ਧੋਖਾਧੜੀ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਸਾਈਬਰ ਸੈੱਲ ਟੀਮ ਨੇ 1.01 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਤੋਂ 6 ਸਿਮ ਬਾਕਸ, 400 ਸਿਮ ਕਾਰਡ, ਲੈਪਟਾਪ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਹ ਲੋਕ ਜਾਅਲੀ ਪਛਾਣ ਬਣਾ ਕੇ ਲੋਕਾਂ ਨੂੰ ਆਨਲਾਈਨ ਡਰਾਉਂਦੇ ਸੀ ਅਤੇ ਉਨ੍ਹਾਂ ਤੋਂ ਪੈਸੇ ਠੱਗਦੇ ਸੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਨਾ ਸਿਰਫ਼ ਭਾਰਤ ਵਿੱਚ ਸਗੋਂ ਦੂਜੇ ਦੇਸ਼ਾਂ ਵਿੱਚ ਵੀ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਇਸ ਕਾਰਨ ਦੇਸ਼ ਨੂੰ ਹਰ ਮਹੀਨੇ ਲਗਭਗ ₹ 1,000 ਕਰੋੜ ਦਾ ਨੁਕਸਾਨ ਹੋ ਰਿਹਾ ਸੀ। ਨਾਲ ਹੀ ਇਹ ਵਿਦੇਸ਼ਾਂ ਤੋਂ ਕਾਲ ਕਰਨ ਅਤੇ ਧੋਖਾਧੜੀ ਦੇ ਪੈਸੇ ਵਿਦੇਸ਼ ਭੇਜਣ ਲਈ ਸਿਮ ਬਾਕਸ ਦੀ ਦੁਰਵਰਤੋਂ ਕਰਦੇ ਸੀ।
ਡੀਐਸਪੀ ਵੈਂਕਟੇਸ਼ ਅਤੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਇਰਮ ਰਿਜ਼ਵੀ ਨੇ ਇਸ ਕਾਰਵਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਮੁਲਜ਼ਮ ਖ਼ਿਲਾਫ਼ ਬੀਐਨਐਸ 2023 ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ, ਸੈਕਟਰ-33-ਡੀ ਦੀ ਰਹਿਣ ਵਾਲੀ ਮਨਜੀਤ ਕੌਰ ਨੇ ਦੱਸਿਆ ਸੀ ਕਿ 11 ਜੁਲਾਈ, 2025 ਨੂੰ ਮੋਬਾਈਲ ਨੰਬਰ 762680* ਤੋਂ ਇੱਕ ਵੌਇਸ ਕਾਲ ਆਈ ਤੇ ਬਾਅਦ ਵਿੱਚ 841402* ਤੋਂ ਵ੍ਹੱਟਸਐਪ ਵੀਡੀਓ ਕਾਲ ਆਈ। ਫ਼ੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਸੁਨੀਲ ਵਜੋਂ ਪੇਸ਼ ਕੀਤਾ ਅਤੇ ਦਾਅਵਾ ਕੀਤਾ ਕਿ ਉਸ ਦਾ ਆਧਾਰ ਕਾਰਡ, ਮੋਬਾਈਲ ਨੰਬਰ ਅਤੇ ਆਈਸੀਆਈਸੀਆਈ ਬੈਂਕ ਖਾਤਾ ਮਨੀ ਲਾਂਡਰਿੰਗ ਵਿੱਚ ਵਰਤਿਆ ਜਾ ਰਿਹਾ ਹੈ। ਜਾਅਲੀ ਦਸਤਾਵੇਜ਼ ਅਤੇ ਪਾਸਬੁੱਕ ਭੇਜ ਕੇ, ਉਨ੍ਹਾਂ ਨੂੰ ਧਮਕੀ ਦੇ ਕੇ 1,01,65,094 ਰੁਪਏ ਵੱਖ-ਵੱਖ ਖਾਤਿਆਂ ਵਿੱਚ ਟ੍ਰਾਂਸਫਰ ਕਰਵਾਏ ਗਏ।
ਗ੍ਰਿਫ਼ਤਾਰ ਕੀਤੇ ਗਏ ਇਹ 10 ਮੁਲਜ਼ਮ:
ਮੇਰਠ ਦੇ ਰਹਿਣ ਵਾਲੇ ਪਰਵੇਜ਼ ਚੌਹਾਨ, ਅੰਮ੍ਰਿਤਸਰ ਦੇ ਰਹਿਣ ਵਾਲੇ ਸ਼ੁਭਮ ਮਹਿਰਾ ਉਰਫ਼ ਸੰਨੀ, ਮੇਰਠ ਦੇ ਰਹਿਣ ਵਾਲੇ ਸੁਹੇਲ ਅਖ਼ਤਰ, ਲੁਧਿਆਣਾ ਦੇ ਰਹਿਣ ਵਾਲੇ ਕ੍ਰਿਸ਼ਨਾ ਸ਼ਾਹ ਅਤੇ ਵਿਜੇ ਕੁਮਾਰ ਸ਼ਾਹ, ਆਕਾਸ਼ ਕੁਮਾਰ, ਅਜੀਤ ਕੁਮਾਰ, ਵਿਪਿਨ ਕੁਮਾਰ, ਸਰੋਜ ਕੁਮਾਰ ਅਤੇ ਅਭਿਸ਼ੇਕ ਕੁਮਾਰ।
ਮੁਲਜ਼ਮ ਪਰਵੇਜ਼ ਚੌਹਾਨ ਤੋਂ 1 ਸਿਮ ਬਾਕਸ, ਬ੍ਰਾਡਬੈਂਡ ਰਾਊਟਰ, 70-80 ਸਿਮ ਕਾਰਡ, 3 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜਦੋਂ ਕਿ ਦੋਸ਼ੀ ਸ਼ੁਭਮ ਮਹਿਰਾ ਤੋਂ 6 ਡਿਨਸਟਾਰ ਸਿਮ ਬਾਕਸ, ਲਗਭਗ 400 ਸਿਮ ਕਾਰਡ, 11 ਮੋਬਾਈਲ ਫੋਨ, 1 ਲੈਪਟਾਪ, 2 ਮੋਡਮ, 1 ਰਾਊਟਰ ਅਤੇ ਹੋਰ ਮੁਲਜ਼ਮਾਂ ਦੇ ਨਿੱਜੀ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।