Himani Narwal Murder : ਹਰਿਆਣਾ ਪੁਲਿਸ ਨੇ ਸੂਬਾ ਕਾਂਗਰਸ ਆਗੂ ਹਿਮਾਨੀ ਨਰਵਾਲ ਦੇ ਕਤਲ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਹਰਿਆਣਾ ਪੁਲਿਸ ਨੂੰ 1 ਮਾਰਚ ਨੂੰ ਰੋਹਤਕ ਹਾਈਵੇ ਨੇੜੇ ਇੱਕ ਸੂਟਕੇਸ ਦੇ ਅੰਦਰੋਂ ਹਿਮਾਨੀ ਨਰਵਾਲ ਦੀ ਲਾਸ਼ ਮਿਲੀ ਸੀ।
ਹਰਿਆਣਾ ਪੁਲਿਸ ਨੇ ਐਤਵਾਰ ਰਾਤ ਇਸ ਕਤਲ ਕੇਸ ‘ਚ 2 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ। ਦੋਵਾਂ ਤੋਂ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਰੋਹਤਕ ‘ਚ ਕਾਂਗਰਸ ਨੌਜਵਾਨ ਨੇਤਾ ਹਿਮਾਨੀ ਨਰਵਾਲ ਦੇ ਕਤਲ ਮਾਮਲੇ ‘ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਬੀਤੀ ਰਾਤ ਸ਼ੱਕ ਦੇ ਆਧਾਰ ‘ਤੇ ਦਿੱਲੀ ਤੋਂ 2 ਲੋਕਾਂ ਨੂੰ ਹਿਰਾਸਤ ‘ਚ ਲਿਆ ਸੀ।
ਸੂਤਰਾਂ ਮੁਤਾਬਕ ਕਤਲ ਦਾ ਕਾਰਨ ਬਲੈਕਮੇਲਿੰਗ ਹੈ। ਦੱਸਿਆ ਜਾ ਰਿਹਾ ਹੈ ਕਿ ਹਿਮਾਨੀ ਮੁਲਜ਼ਮ ਨੂੰ ਬਲੈਕਮੇਲ ਕਰ ਰਹੀ ਸੀ, ਜਿਸ ਕਾਰਨ ਮੁਲਜ਼ਮ ਨੇ ਉਸ ਦਾ ਕਤਲ ਕਰ ਦਿੱਤਾ। ਦੋਸ਼ੀ ਦਾ ਨਾਂ ਸਚਿਨ ਦੱਸਿਆ ਜਾ ਰਿਹਾ ਹੈ। ਉਹ ਬਹਾਦੁਰਗੜ੍ਹ ਨੇੜੇ ਇੱਕ ਪਿੰਡ ਦਾ ਵਸਨੀਕ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਹਿਮਾਨੀ ਨਰਵਾਲ ਕਤਲ ਕਾਂਡ ਨੂੰ ਲੈ ਕੇ ਪੁਲਿਸ ਸੋਮਵਾਰ ਨੂੰ ਵੱਡਾ ਖੁਲਾਸਾ ਕਰ ਸਕਦੀ ਹੈ। ਫਿਲਹਾਲ ਪੁਲਿਸ ਨੇ ਕਤਲ ਦੇ 36 ਘੰਟੇ ਬਾਅਦ ਇਸ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਐਤਵਾਰ ਨੂੰ ਹਿਮਾਨੀ ਕਤਲ ਕਾਂਡ ਦੇ ਸਾਹਮਣੇ ਆਉਣ ਤੋਂ ਬਾਅਦ ਗ੍ਰਿਫਤਾਰੀ ਨੂੰ ਲੈ ਕੇ ਪੁਲਸ ‘ਤੇ ਸਿਆਸੀ ਦਬਾਅ ਕਾਫੀ ਵਧ ਗਿਆ ਸੀ।
ਪਰਿਵਾਰਕ ਮੈਂਬਰਾਂ ਵੱਲੋਂ ਲਾਸ਼ ਲੈਣ ਤੋਂ ਇਨਕਾਰ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ ਨੇ ਵੀ ਹਿਮਾਨੀ ਹੱਤਿਆ ਕਾਂਡ ਨੂੰ ਲੈ ਕੇ ਰੋਹਤਕ ਦੇ ਐਸਪੀ ਨਾਲ ਗੱਲ ਕੀਤੀ ਸੀ। ਉਨ੍ਹਾਂ ਐਸਪੀ ਤੋਂ ਮੰਗ ਕੀਤੀ ਸੀ ਕਿ ਕਾਤਲ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਪੋਸਟਮਾਰਟਮ ਤੋਂ ਬਾਅਦ ਵੀ ਹਿਮਾਨੀ ਦੇ ਪਰਿਵਾਰ ਵਾਲੇ ਉਸ ਦੀ ਲਾਸ਼ ਨਹੀਂ ਲੈ ਰਹੇ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਹਿਮਾਨੀ ਦੀ ਲਾਸ਼ ਲੈਣਗੇ ਅਤੇ ਅੰਤਿਮ ਸਸਕਾਰ ਕਰਨਗੇ।
ਮਾਂ ਨੇ ਦੋਸ਼ੀਆਂ ਖਿਲਾਫ਼ ਸਖ਼ਤ ਸਜ਼ਾ ਦੀ ਕੀਤੀ ਮੰਗ
ਰੋਹਤਕ ਕਤਲ ਕਾਂਡ ‘ਚ ਹਿਮਾਨੀ ਨਰਵਾਲ ਦੀ ਮਾਂ ਨੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰੀ ਬੇਟੀ ਦਾ ਕੋਈ ਬੁਆਏਫ੍ਰੈਂਡ ਨਹੀਂ ਹੈ। ਉਹ ਮੈਨੂੰ ਸਭ ਕੁਝ ਦੱਸਦੀ ਸੀ। ਮੈਨੂੰ ਅਜੇ ਤੱਕ ਕਿਸੇ ਸਰਕਾਰੀ ਮੁਲਾਜ਼ਮ ਦਾ ਫੋਨ ਨਹੀਂ ਆਇਆ।