Mohali Police: ਬਬਲੂ ਨੂੰ ਪੁਲਿਸ ਨੇ ਦੋ-ਤਿੰਨ ਦਿਨ ਪਹਿਲਾਂ ਬਦਾਉਂ ਯੂਪੀ ਤੋਂ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਪੁਲਿਸ ਸੰਦੀਪ ਦੀ ਭਾਲ ਕਰ ਰਹੀ ਸੀ।
Encounter in Mohali: ਮੋਹਾਲੀ ਪੁਲਿਸ ਨੇ ਐਤਵਾਰ ਰਾਤ ਨੂੰ ਹੋਏ ਐਨਕਾਊਂਟਰ ਤੋਂ ਬਾਅਦ ਕਤਲ, ਬਲਾਤਕਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਮਾਮਲਿਆਂ ਵਿੱਚ ਸ਼ਾਮਲ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਦੌਰਾਨ ਦੋਵਾਂ ਪਾਸਿਆਂ ਤੋਂ ਲਗਭਗ 10 ਰਾਉਂਡ ਫਾਇਰਿੰਗ ਹੋਈ ਤੇ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਕਰਕੇ ਉਹ ਜ਼ਖਮੀ ਹੋ ਗਿਆ।
ਜ਼ਖਮੀ ਮੁਲਜ਼ਮ ਦੀ ਪਛਾਣ ਸੰਦੀਪ ਕੁਮਾਰ ਵਜੋਂ ਹੋਈ ਹੈ। ਪੁਲਿਸ 26 ਮਈ ਤੋਂ ਉਸਦੀ ਭਾਲ ਕਰ ਰਹੀ ਸੀ, ਪਰ ਉਹ ਹਰ ਵਾਰ ਪੁਲਿਸ ਨੂੰ ਚਕਮਾ ਦੇ ਕੇ ਭੱਜ ਜਾਂਦਾ ਸੀ। ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਇਹ ਜਾਣਕਾਰੀ ਦਿੱਤੀ ਹੈ। ਮੁਲਜ਼ਮ ਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਨਸ਼ੀਲੇ ਪਦਾਰਥ ਸਪਲਾਈ ਕਰਨ ਆਏ ਨੂੰ ਪੁਲਿਸ ਨੇ ਘੇਰਿਆ
ਐਸਐਸਪੀ ਨੇ ਕਿਹਾ ਕਿ 26 ਮਈ ਨੂੰ ਮੋਹਾਲੀ ਫੇਜ਼-1 ਵਿੱਚ ਇੱਕ ਕਤਲ ਹੋਇਆ ਸੀ। ਜਦੋਂ ਪੁਲਿਸ ਨੇ ਇਸਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਸ ਮਾਮਲੇ ਵਿੱਚ ਦੋ ਲੋਕ, ਬਬਲੂ ਅਤੇ ਸੰਦੀਪ, ਸ਼ਾਮਲ ਸੀ। ਇਸ ਦੌਰਾਨ ਬਬਲੂ ਬਾਈਕ ਚਲਾ ਰਿਹਾ ਸੀ, ਜਦੋਂ ਕਿ ਸੰਦੀਪ ਪਿੱਛੇ ਬੈਠਾ ਸੀ। ਸੰਦੀਪ ਨੇ ਗੋਲੀ ਚਲਾਈ ਸੀ। ਇਸ ਤੋਂ ਬਾਅਦ ਉਹ ਫਰਾਰ ਹੋਏ।
ਬਬਲੂ ਨੂੰ ਪੁਲਿਸ ਨੇ ਦੋ-ਤਿੰਨ ਦਿਨ ਪਹਿਲਾਂ ਬਦਾਉਂ ਯੂਪੀ ਤੋਂ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਪੁਲਿਸ ਸੰਦੀਪ ਦੀ ਭਾਲ ਕਰ ਰਹੀ ਸੀ। ਦੋਸ਼ੀ ਤਿੰਨ ਦਿਨਾਂ ਤੋਂ ਲਖਨੌਰ ਇਲਾਕੇ ਵਿੱਚ ਲੁਕਿਆ ਹੋਇਆ ਸੀ, ਪਰ ਹਰ ਵਾਰ ਉਹ ਪੁਲਿਸ ਨੂੰ ਚਕਮਾ ਦੇ ਕੇ ਭੱਜ ਜਾਂਦਾ ਸੀ।
ਜਿਵੇਂ ਹੀ ਉਹ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਲਖਨੌਰ ਆਇਆ, ਸੀਆਈਏ ਮੋਹਾਲੀ ਦੀ ਟੀਮ ਨੇ ਉਸਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਦੋਸ਼ੀ ਨੇ ਇੱਕ ਵਾਰ ਗੋਲੀ ਚਲਾਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਜਵਾਬੀ ਕਾਰਵਾਈ ਕਰਦਿਆਂ ਪੁਲਿਸ ਨੇ ਦੋਸ਼ੀ ਦੀ ਲੱਤ ਵਿੱਚ ਗੋਲੀ ਮਾਰ ਉਸ ਨੂੰ ਜ਼ਖਮੀ ਕੀਤਾ।
ਬਲਾਤਕਾਰ ਅਤੇ ਕਤਲ ਸਮੇਤ ਅੱਠ ਮਾਮਲੇ
ਦੋਸ਼ੀ ਵਿਰੁੱਧ ਲਗਭਗ ਅੱਠ ਐਫਆਈਆਰ ਦਰਜ ਹਨ, ਜਿਨ੍ਹਾਂ ਵਿੱਚ ਕਤਲ, ਅਗਵਾ, ਨਸ਼ਾ ਤਸਕਰੀ ਅਤੇ ਹਮਲੇ ਦੇ ਮਾਮਲੇ ਸ਼ਾਮਲ ਹਨ। 26 ਮਈ ਨੂੰ ਉਸਨੇ ਮੋਹਾਲੀ ਖੇਤਰ ਵਿੱਚ ਦੂਜਾ ਕਤਲ ਕੀਤਾ। ਉਸ ਵਿਰੁੱਧ ਬਲਾਤਕਾਰ ਅਤੇ ਪੋਕਸੋ ਐਕਟ ਤਹਿਤ ਵੀ ਮਾਮਲਾ ਦਰਜ ਹੈ। ਉਹ ਹਿਮਾਚਲ ਪੁਲਿਸ ਦਾ ਲੋੜੀਂਦਾ ਅਪਰਾਧੀ ਹੈ।
ਹਥਿਆਰ ਪੁਲਿਸ ਲਈ ਇੱਕ ਚੁਣੌਤੀ
ਮੋਹਾਲੀ ਕਤਲ ਵਿੱਚ ਵਰਤਿਆ ਗਿਆ ਹਥਿਆਰ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਨੂੰ ਹਥਿਆਰ ਕਿੱਥੋਂ ਮਿਲੇ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿਸ ਨਾਲ ਰਹਿ ਰਿਹਾ ਸੀ। ਅੱਜ ਪੁਲਿਸ ਨੇ ਦੋਸ਼ੀ ਤੋਂ ਇੱਕ ਹੋਰ ਹਥਿਆਰ ਬਰਾਮਦ ਕੀਤਾ ਹੈ, ਜਦੋਂ ਕਿ ਪਹਿਲਾਂ ਵਾਲਾ ਹਥਿਆਰ ਅਜੇ ਤੱਕ ਬਰਾਮਦ ਨਹੀਂ ਕੀਤਾ ਗਿਆ।