76th Republic Day 2025: CRPF (ਕੇਂਦਰੀ ਰਿਜ਼ਰਵ ਪੁਲਿਸ ਫੋਰਸ) ਦੀ 148 ਮੈਂਬਰੀ ਮਹਿਲਾ ਟੁਕੜੀ ਨੇ 76ਵੇਂ ਗਣਤੰਤਰ ਦਿਵਸ ਸਮਾਰੋਹ ਦੌਰਾਨ ਕਰਤਵਿਆ ਪੱਥ ’ਤੇ ‘ਨਾਰੀ ਸ਼ਕਤੀ’ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਟੁਕੜੀ ਦੀ ਅਗਵਾਈ ਸਹਾਇਕ ਕਮਾਂਡੈਂਟ ਐਸ਼ਵਰਿਆ ਜੋਏ ਐਮ ਨੇ ਕੀਤੀ। ਇਸ ਮਹਿਲਾ ਟੁਕੜੀ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਇਨਾਤ ਇਕਾਈਆਂ ਚੋਂ ਚੁਣਿਆ ਗਿਆ ਹੈ ਜੋ ਬਗਾਵਤ ਵਿਰੋਧੀ, ਨਕਸਲਵਾਦ ਵਿਰੋਧੀ ਅਤੇ ਕਾਨੂੰਨ ਵਿਵਸਥਾ ਦੀਆਂ ਡਿਊਟੀਆਂ ਵਿੱਚ ਸਰਗਰਮ ਹਨ। ਇਸ ਵਿੱਚ ਭਾਰਤ ਦੇ ਹਰ ਕੋਨੇ ਤੋਂ ਔਰਤਾਂ ਸ਼ਾਮਲ ਹਨ, ਜੋ ਇੱਕ ‘ਛੋਟੇ ਭਾਰਤ’ ਦੀ ਝਲਕ ਪੇਸ਼ ਕਰਦੀਆਂ ਹਨ।
ਦਿੱਲੀ ਪੁਲਿਸ ਦੇ ਪੂਰੀ ਤਰ੍ਹਾਂ ਮਹਿਲਾ ਬੈਂਡ ਨੇ ਵੀ ਦੂਜੀ ਵਾਰ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲਿਆ। ਇਸ ਬੈਂਡ ਦੀ ਅਗਵਾਈ ਬੈਂਡ ਮਾਸਟਰ ਰੁਯਾਂਗੁਨੂਓ ਕੇਂਸ ਕਰ ਰਹੇ ਸਨ। ਦਿੱਲੀ ਪੁਲਿਸ ਦੇ ਬ੍ਰਾਸ ਅਤੇ ਪਾਈਪ ਬੈਂਡ ਵਿੱਚ ਚਾਰ ਮਹਿਲਾ ਸਬ-ਇੰਸਪੈਕਟਰ ਅਤੇ 64 ਮਹਿਲਾ ਕਾਂਸਟੇਬਲ ਸ਼ਾਮਲ ਸਨ। ਦਿੱਲੀ ਪੁਲਿਸ ਦੇ ਮਾਰਚਿੰਗ ਟੁਕੜੀ, ਜਿਸਨੇ 16 ਵਾਰ ਸਰਵੋਤਮ ਮਾਰਚਿੰਗ ਟੁਕੜੀ ਦਾ ਪੁਰਸਕਾਰ ਜਿੱਤਿਆ ਹੈ, ਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ADCP) ਰਿਸ਼ੀ ਕੁਮਾਰ ਸਿੰਘ ਨੇ ਕੀਤੀ।
ਇਸ ਦੇ ਨਾਲ ਹੀ, ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਦੀ 92 ਮੈਂਬਰੀ ਟੁਕੜੀ ਨੇ ‘ਵੀਰ ਸੈਨਿਕ’ ਦੀ ਧੁਨ ‘ਤੇ ਮਾਰਚ ਕਰਦੇ ਹੋਏ ਸਲਾਮੀ ਦਿੱਤੀ। ਇਸ ਟੁਕੜੀ ਦੀ ਅਗਵਾਈ ਡਿਵੀਜ਼ਨਲ ਸੁਰੱਖਿਆ ਕਮਿਸ਼ਨਰ ਆਦਿੱਤਿਆ ਨੇ ਕੀਤੀ। ਆਰਪੀਐਫ ਨੇ ਆਪਣੀ ਚੌਕਸੀ, ਤਾਕਤ ਅਤੇ ਸੇਵਾ ਦਾ ਪ੍ਰਦਰਸ਼ਨ ਕੀਤਾ। ਭਾਰਤੀ ਰੇਲਵੇ ਦੀ ਸੁਰੱਖਿਆ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ। ਹੁਣ ਤੱਕ 1087 ਆਰਪੀਐਫ ਜਵਾਨ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਹਨ। ਉਸਦਾ ਆਦਰਸ਼ ਵਾਕ ਹੈ – ‘ਸੇਵਾ ਹੀ ਸੰਕਲਪ ਹੈ’।
ਬਾਅਦ ਵਿੱਚ, ਊਠਾਂ ‘ਤੇ ਸਵਾਰ ਸੀਮਾ ਸੁਰੱਖਿਆ ਬਲ (BSF) ਦੀ ਇੱਕ ਸਜਾਈ ਟੁਕੜੀ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਨ੍ਹਾਂ ਊਠਾਂ ਨੂੰ ਰੰਗ-ਬਿਰੰਗੇ ਪਹਿਰਾਵੇ ਵਿੱਚ ਸਜਾਇਆ ਗਿਆ ਸੀ। ਰਾਜਸਥਾਨ ਅਤੇ ਕੱਛ ਦੇ ਔਖੇ ਇਲਾਕਿਆਂ ਵਿੱਚ, ਇਨ੍ਹਾਂ ਊਠਾਂ ਨੂੰ ‘ਰੇਗਿਸਤਾਨ ਦੇ ਜਹਾਜ਼’ ਕਿਹਾ ਜਾਂਦਾ ਹੈ।