Punjab Haryana High Court: ਕੰਗਨਾ ਦੀ ਇਸ ਪਟੀਸ਼ਨ ਨੂੰ ਰੱਦ ਕਰਨ ਤੋਂ ਬਾਅਦ, ਹੁਣ ਕੰਗਨਾ ਵਿਰੁੱਧ ਜੋ ਮੁਕੱਦਮਾ 2022 ਤੋਂ ਰੋਕਿਆ ਗਿਆ ਸੀ, ਮੁੜ ਸ਼ੁਰੂ ਹੋਵੇਗਾ।
Defamation Case on Kangana Ranaut by Mohinder Kaur: 2020 ‘ਚ ਕਿਸਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਦਿੱਲੀ ਬਾਰਡਰਾਂ ‘ਚ ਕਰੀਬ ਡੇਢ ਸਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਇਸੇ ਦੌਰਾਨ ਕੰਗਨਾ ਰਣੌਤ ਆਏ ਦਿਨ ਆਪਣੇ ਬਿਆਨਾਂ ਕਰਕੇ ਚਰਚਾ ‘ਚ ਰਹੀ ਸੀ। ਜਿਸ ਬਿਆਨ ਦੀ ਸਭ ਤੋਂ ਜ਼ਿਆਦਾ ਚਰਚਾ ਕੀਤੀ ਗਈ ਸੀ ਉਹ ਬਠਿੰਡਾ ਦੀ ਕਰੀਬ 90 ਸਾਲਾ ਦਾਦੀ ਮਹਿੰਦਰ ਕੌਰ ਬਾਰੇ ਸੀ।
ਦਰਅਸਲ ਕਿਸਾਨ ਅੰਦੋਲਨ ਦੌਰਾਨ ਇੱਕ ਔਰਤ ਦੀ ਫੋਟੋ ਪੋਸਟ ਕੀਤੀ ਗਈ ਸੀ ਅਤੇ ਦੋਸ਼ ਲਗਾਇਆ ਗਿਆ ਸੀ ਕਿ ਇਨ੍ਹਾਂ ਔਰਤਾਂ ਨੂੰ ਪੈਸੇ ਦੇ ਕੇ ਅੰਦੋਲਨ ਵਿੱਚ ਲਿਆਂਦਾ ਗਿਆ ਸੀ, ਜਿਸ ਵਿਰੁੱਧ ਬਠਿੰਡਾ ਦੀ ਮਹਿੰਦਰ ਕੌਰ ਨੇ 2021 ਵਿੱਚ ਕੰਗਨਾ ਖਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ ਸੀ। ਕੰਗਨਾ ਨੇ ਹਾਈ ਕੋਰਟ ਤੋਂ ਇਸ ਸ਼ਿਕਾਇਤ ਨੂੰ ਰੱਦ ਕਰਨ ਦੀ ਮੰਗ ਕੀਤੀ। ਕੰਗਨਾ ਦੀ ਇਸ ਪਟੀਸ਼ਨ ਨੂੰ ਰੱਦ ਕਰਨ ਤੋਂ ਬਾਅਦ, ਹੁਣ ਕੰਗਨਾ ਵਿਰੁੱਧ ਜੋ ਮੁਕੱਦਮਾ 2022 ਤੋਂ ਰੋਕਿਆ ਗਿਆ ਸੀ, ਮੁੜ ਸ਼ੁਰੂ ਹੋਵੇਗਾ।
ਬਠਿੰਡਾ ‘ਚ ਜਨਵਰੀ 2021 ਵਿੱਚ ਐਕਟਰਸ ਅਤੇ ਹੁਣ ਸੰਸਦ ਮੈਂਬਰ ਕੰਗਨਾ ਰਣੌਤ ਵਿਰੁੱਧ ਦਾਇਰ ਮਾਣਹਾਨੀ ਦੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕੰਗਨਾ ਰਣੌਤ ਨੇ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਨੂੰ ਅੱਜ ਹਾਈ ਕੋਰਟ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ, ਤੇ ਕੰਗਨਾ ਰਣੌਤ ਨੂੰ ਵੱਡਾ ਝਟਕਾ ਦਿੱਤਾ ਹੈ।
ਇਸ ਸ਼ਿਕਾਇਤ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ, ਕੰਗਨਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਕਿਹਾ ਕਿ ਉਸਨੇ ਸਿਰਫ ਇਸ ਪੋਸਟ ਨੂੰ ਰੀਟਵੀਟ ਕੀਤਾ ਸੀ, ਦਰਅਸਲ ਇਹ ਟਵੀਟ ਵਕੀਲ ਗੌਤਮ ਯਾਦਵ ਨਾਮਕ ਵਿਅਕਤੀ ਵਲੋਂ ਕੀਤਾ ਗਿਆ ਸੀ, ਇਹ ਪੋਸਟ ਉਸਦੀ ਨਹੀਂ ਸੀ, ਇਸਦੇ ਬਾਵਜੂਦ ਉਸਨੂੰ ਇਸ ਮਾਮਲੇ ਵਿੱਚ ਦੋਸ਼ੀ ਬਣਾਇਆ ਗਿਆ, ਜਦੋਂ ਕਿ ਅਸਲ ਵਿੱਚ ਇਹ ਪੋਸਟ ਟਵੀਟ ਕਰਨ ਵਾਲੇ ਵਿਅਕਤੀ ਨੂੰ ਦੋਸ਼ੀ ਨਹੀਂ ਬਣਾਇਆ ਗਿਆ।
ਉਸ ਤੋਂ ਬਾਅਦ ਹਾਈ ਕੋਰਟ ਨੇ ਹੇਠਲੀ ਅਦਾਲਤ ਵਿੱਚ ਚੱਲ ਰਹੇ ਇਸ ਮਾਮਲੇ ਦੇ ਟ੍ਰਾਈਲ ‘ਤੇ ਰੋਕ ਲਗਾ ਦਿੱਤੀ ਸੀ। ਪਰ ਅੱਜ, ਕੰਗਨਾ ਦੀ ਇਸ ਪਟੀਸ਼ਨ ਨੂੰ ਰੱਦ ਕਰਨ ਤੋਂ ਬਾਅਦ, ਕੰਗਨਾ ਵਿਰੁੱਧ ਮੁਕੱਦਮਾ ਜੋ 2022 ਤੋਂ ਰੋਕਿਆ ਗਿਆ ਸੀ, ਹੁਣ ਮੁੜ ਸ਼ੁਰੂ ਹੋਵੇਗਾ।