fight the war meeting:ਵਿਸ਼ਵ ਸ਼ਾਂਤੀ ਲਈ ਇਹ ਖਤਰਨਾਕ ਸੰਕੇਤ ਹੈ। ਯੂਕਰੇਨ ਜੰਗ ਖਤਮ ਕਰਨ ਦੇ ਅਮਰੀਕੀ ਯਤਨਾਂ ਵਿਚਾਲੇ ਯੂਰਪ ਦੀ ਅਗਵਾਈ ’ਚ ਲਗਪਗ 50 ਦੇਸ਼ਾਂ ਦਾ ਗਰੁੱਪ ਯੂਕਰੇਨ ਨਾਲ ਖੜ੍ਹਾ ਹੋ ਰਿਹਾ ਹੈ, ਜੋ ਜੰਗ ਜਾਰੀ ਰੱਖਣ ਲਈ ਤਿਆਰ ਹੈ। ਬਰਤਾਨੀਆ ਤੇ ਜਰਮਨੀ ਨੇ ਕਿਹਾ ਹੈ ਕਿ ਯੂਕਰੇਨ ਨੂੰ ਰੂਸ ਨਾਲ ਲੜਨ ਦੇ ਕਾਬਿਲ ਬਣਾਇਆ ਜਾਵੇਗਾ। ਇਸ ਲਈ ਉਸ ਦੇ ਸਾਰੇ ਮਿੱਤਰ ਦੇਸ਼ ਉਸ ਨੂੰ ਫ਼ੌਜੀ ਸਹਾਇਤਾ ਦਿੰਦੇ ਰਹਿਣਗੇ। ਬਰਤਾਨੀਆ ਤੇ ਜਰਮਨੀ ਦੀ ਪ੍ਰਧਾਨਗੀ ’ਚ ਹੋਈ ਲਗਪਗ 50 ਦੇਸ਼ਾਂ ਦੀ ਬੈਠਕ ’ਚ ਅਮਰੀਕਾ ਨੇ ਹਿੱਸਾ ਨਹੀਂ ਲਿਆ ਪਰ ਉਸ ਦੇ ਰੱਖਿਆ ਮੰਤਰੀ ਪੀਟ ਹੈਗਸੇਥ ਵੀਡੀਓ ਲਿੰਕ ਰਾਹੀਂ ਬੈਠਕ ਨਾਲ ਜੁੜੇ ਰਹੇ।
ਯੂਕਰੇਨ ਦੀ ਹਮਾਇਤ ’ਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ’ਚ ਦੇਸ਼ ਇਕੱਠੇ ਹੋਏ ਹਨ ਤੇ ਉਨ੍ਹਾਂ ਨੇ ਫ਼ੌਜੀ ਹਮਾਇਤ ਦਾ ਐਲਾਨ ਕੀਤਾ ਹੈ। ਇਨ੍ਹਾਂ ਦੇਸ਼ਾਂ ਨੇ ਕਿਹਾ ਕਿ ਯੂਕਰੇਨ ’ਚ ਸ਼ਾਂਤੀ ਕਾਇਮ ਕਰਨ ਦੇ ਯਤਨਾਂ ਵਿਚਾਲੇ ਕੋਈ ਸੰਕੇਤ ਨਹੀਂ ਮਿਲਿਆ ਹੈ ਜਿਸ ਤੋਂ ਪਤਾ ਲੱਗੇ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਜੰਗ ਖਤਮ ਕਰਨਾ ਚਾਹੁੰਦੇ ਹਨ। ਬ੍ਰਸਲਜ਼ ਸਥਿਤ ਨਾਟੋ ਹੈੱਡ ਕੁਆਰਟਰ ’ਚ ਹੋਈ ਬੈਠਕ ਵਿਚ ਜਰਮਨੀ ਦੇ ਰੱਖਿਆ ਮੰਤਰੀ ਬੋਰੀਸ ਪਿਸਟੋਰੀਅਸ ਨੇ ਕਿਹਾ ਕਿ ਰੂਸ ਦੇ ਰੁਖ ਨੂੰ ਦੇਖਦਿਆਂ ਲੱਗਦਾ ਹੈ ਕਿ ਨੇੜਲੇ ਭਵਿੱਖ ’ਚ ਯੂਕਰੇਨ ’ਚ ਸ਼ਾਂਤੀ ਸਥਾਪਤ ਨਹੀਂ ਹੋ ਸਕਦੀ।
ਬੈਠਕ ਤੋਂ ਬਾਅਦ ਪਿਸਟੋਰੀਅਸ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਜਾਨ ਹੈਲੀ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਯੂਕਰੇਨ ਨੂੰ ਭਰੋਸਾ ਦਿਵਾਇਆ ਹੈ ਕਿ ਪੱਛਮੀ ਦੇਸ਼ ਜੰਗ ਦੇ ਅੰਤ ਤੱਕ ਉਸ ਦੇ ਨਾਲ ਰਹਿਣਗੇ। ਯੂਕਰੇਨ ਨੂੰ ਪੂਰੀ ਫ਼ੌਜੀ ਸਹਾਇਤਾ ਮਿਲਦੀ ਰਹੇਗੀ। ਰੂਸ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਹੈਲੀ ਨੇ ਕਿਹਾ 2025 ਦਾ ਵਰ੍ਹਾ ਯੂਕਰੇਨ ਜੰਗ ਲਈ ਅਹਿਮ ਹੋਣ ਵਾਲਾ ਹੈ। ਇਸ ਲਈ ਅਸੀਂ ਯੂਕਰੇਨ ਨੂੰ ਕਹਿ ਰਹੇ ਹਾਂ ਕਿ ਅਸੀਂ ਸਾਰੇ ਦੇਸ਼ ਯੁੱਧ ’ਚ ਉਸ ਦੇ ਨਾਲ ਹਾਂ ਤੇ ਸ਼ਾਂਤੀ ਹੋਣ ‘ਤੇ ਵੀ ਨਾਲ ਹੀ ਖੜ੍ਹੇ ਰਹਿਣਗੇ। ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੈਲੈਂਸਕੀ ਬੈਠਕ ਵਿਚ ਵੀਡੀਓ ਲਿੰਕ ਰਾਹੀਂ ਸ਼ਾਮਲ ਹੋਏ ਤੇ ਉਨ੍ਹਾਂ ਨੇ ਸਹਿਯੋਗ ਲਈ ਮਿੱਤਰ ਦੇਸ਼ਾਂ ਦਾ ਧੰਨਵਾਦ ਕੀਤਾ। ਬੈਠਕ ਵਿਚ ਜਰਮਨੀ ਨੇ ਫ਼ੌਜੀ ਸਹਾਇਤਾ ’ਚ ਆਈਆਰਆਈਐੱਸ-ਟੀ ਏਅਰ ਡਿਫੈਂਸ ਸਿਸਟਮ ਤੇ ਇਸ ਦੀਆਂ 300 ਮਿਜ਼ਾਈਲਾਂ ਸ਼ਾਮਲ ਕਰਨ ਦਾ ਐਲਾਨ ਕੀਤਾ, ਜਦਕਿ ਬਰਤਾਨੀਆ ਨੇ ਨਾਰਵੇ ਦੇ ਨਾਲ ਰਲ ਕੇ ਰਡਾਰ ਸਿਸਟਮ, ਐਂਟੀ ਟੈਂਕ ਮਾਈਨਜ਼ ਤੇ 10 ਹਜ਼ਾਰ ਡਰੋਨ ਦੇਣ ਦਾ ਵਾਅਦਾ ਕੀਤਾ।