Delhi Crime : ਦਿੱਲੀ ਦੇ ਸ਼ਾਹਦਰਾ ਇਲਾਕੇ ‘ਚ ਇਕ ਫਲੈਟ ਦੇ ਬੈੱਡ ਬਾਕਸ ‘ਚੋਂ ਇਕ ਔਰਤ ਦੀ ਲਾਸ਼ ਮਿਲਣ ਦਾ ਭੇਤ ਪੁਲਸ ਨੇ ਸੁਲਝਾ ਲਿਆ ਹੈ। ਕਤਲ ਕੇਸ ਵਿੱਚ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਪਤੀ ਆਸ਼ੀਸ਼ ਕੁਮਾਰ (45) ਨੂੰ ਐਤਵਾਰ ਤੜਕੇ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਧਿਕਾਰੀ ਅਨੁਸਾਰ ਆਸ਼ੀਸ਼ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸ਼ਾਹਦਰਾ ਫਲੈਟ ‘ਚੋਂ ਮਿਲੀ ਸੀ ਲਾਸ਼
ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸ਼ਾਹਦਰਾ ਦੇ ਇਕ ਫਲੈਟ ‘ਚ ਇਕ ਔਰਤ ਦੀ ਲਾਸ਼ ਪਈ ਹੈ। ਔਰਤ ਦੀ ਪਛਾਣ ਅੰਜੂ ਉਰਫ ਅੰਜਲੀ ਵਜੋਂ ਹੋਈ ਹੈ। ਲਾਸ਼ ਨੂੰ ਕੰਬਲ ‘ਚ ਲਪੇਟ ਕੇ ਬੈੱਡ ਬਾਕਸ ‘ਚ ਛੁਪਾ ਕੇ ਬੁਰੀ ਤਰ੍ਹਾਂ ਸੜਿਆ ਹੋਇਆ ਸੀ। ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਇਸ ਕਤਲ ਵਿੱਚ ਤਿੰਨ ਵਿਅਕਤੀ ਸ਼ਾਮਲ ਸਨ।
ਪਤੀ ਸਮੇਤ ਤਿੰਨ ਲੋਕਾਂ ਦੀ ਸਾਜ਼ਿਸ਼
ਜਾਂਚ ਵਿੱਚ ਸਾਹਮਣੇ ਆਇਆ ਕਿ ਅੰਜੂ ਦਾ ਕਤਲ ਉਸ ਦੇ ਪਤੀ ਆਸ਼ੀਸ਼ ਕੁਮਾਰ, ਫਲੈਟ ਮਾਲਕ ਵਿਵੇਕਾਨੰਦ ਮਿਸ਼ਰਾ (64) ਅਤੇ ਡਰਾਈਵਰ ਅਭੈ ਕੁਮਾਰ ਝਾਅ ਉਰਫ਼ ਸੋਨੂੰ (29) ਨੇ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਅੰਜੂ ਨੇ ਇਨ੍ਹਾਂ ਤਿੰਨਾਂ ਨੂੰ ਇਤਰਾਜ਼ਯੋਗ ਹਾਲਤ ‘ਚ ਦੇਖਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਹੱਤਿਆ ਦੀ ਸਾਜ਼ਿਸ਼ ਰਚੀ।
ਪਿਆਰ ਦੇ ਜਾਲ ਵਿੱਚ ਫਸਾ ਕੇ ਕਤਲ
ਸੂਤਰਾਂ ਅਨੁਸਾਰ ਅੰਜੂ ਪਹਿਲਾਂ ਲੁਧਿਆਣਾ ਗਈ ਸੀ, ਪਰ ਆਸ਼ੀਸ਼ ਨੇ ਉਸ ਨੂੰ ਝਿੜਕ ਕੇ ਵਾਪਸ ਬੁਲਾ ਲਿਆ। ਇਸ ਤੋਂ ਬਾਅਦ ਆਸ਼ੀਸ਼, ਮਿਸ਼ਰਾ ਅਤੇ ਝਾਅ ਨੇ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਤਿੰਨਾਂ ਨੇ ਲਾਸ਼ ਨੂੰ ਬੈੱਡ ਬਾਕਸ ‘ਚ ਲੁਕਾ ਦਿੱਤਾ ਅਤੇ ਫਰਾਰ ਹੋ ਗਏ।
ਕਤਲ ਤੋਂ ਬਾਅਦ ਮੁਲਜ਼ਮ ਜੈਪੁਰ ਵਿੱਚ ਲੁਕੇ ਹੋਏ ਸਨ
ਕਤਲ ਕਰਨ ਤੋਂ ਬਾਅਦ ਤਿੰਨੋਂ ਮੁਲਜ਼ਮ ਜੈਪੁਰ ਭੱਜ ਗਏ, ਜਿੱਥੇ ਉਹ ਅਭੈ ਕੁਮਾਰ ਝਾਅ ਦੇ ਰਿਸ਼ਤੇਦਾਰ ਦੇ ਘਰ ਲੁਕ ਗਏ। ਪੁਲਸ ਨੇ ਜਾਂਚ ਦੌਰਾਨ ਉਨ੍ਹਾਂ ਦੀ ਲੋਕੇਸ਼ਨ ਟਰੇਸ ਕੀਤੀ ਅਤੇ ਸ਼ਨੀਵਾਰ ਨੂੰ ਮਿਸ਼ਰਾ ਅਤੇ ਝਾਅ ਨੂੰ ਗ੍ਰਿਫਤਾਰ ਕਰ ਲਿਆ, ਜਦੋਂਕਿ ਆਸ਼ੀਸ਼ ਨੂੰ ਐਤਵਾਰ ਤੜਕੇ ਬਿਹਾਰ ਤੋਂ ਫੜਿਆ ਗਿਆ।
ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸ ਕਤਲ ਪਿੱਛੇ ਹੋਰ ਕਾਰਨਾਂ ਅਤੇ ਸੰਭਾਵਿਤ ਸਾਜ਼ਿਸ਼ਕਾਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਜਲਦ ਹੀ ਹੋਰ ਖੁਲਾਸੇ ਹੋ ਸਕਦੇ ਹਨ।