ਹੁਸ਼ਿਆਰਪੁਰ, 28 ਜੁਲਾਈ: ਅਕਸਰ ਵਿਵਾਦਾਂ ਚ ਰਹਿਣ ਵਾਲਾ ਟਾਂਡਾ ਮਾਰਗ ਉੱਤੇ ਸਥਿਤ ਡਰਾਈਵਿੰਗ ਟੈਸਟ ਸੈਂਟਰ ਇਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਿਆ ਹੈ। ਸੈਂਟਰ ਵਿੱਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨ सिरਫ਼ ਬੇਹਦ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਕਈ ਕਈ ਚੱਕਰ ਲਗਾਉਣ ਅਤੇ ਪੈਸਾ ਖਰਚਣ ਦੇ ਬਾਵਜੂਦ ਵੀ ਉਨ੍ਹਾਂ ਦੇ ਕੰਮ ਪੂਰੇ ਨਹੀਂ ਹੋ ਰਹੇ।
ਸੈਂਟਰ ‘ਤੇ ਪਹੁੰਚੇ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਆਪਣੇ ਕੰਮ—ਜਿਵੇਂ ਕਿ ਲਾਇਸੰਸ ਬਣਵਾਉਣਾ ਜਾਂ ਟੈਸਟ ਦਿਨ ਤੈਅ ਕਰਵਾਉਣ ਲਈ—ਪਿਛਲੇ ਕਈ ਦਿਨਾਂ ਤੋਂ ਚੱਕਰ ਲਾ ਰਹੇ ਹਨ, ਪਰ ਹਰ ਵਾਰ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨ ਤਾਂ ਕਦੇ ਸਹੀ ਜਾਣਕਾਰੀ ਮਿਲਦੀ ਹੈ, ਨ ਹੀ ਕੋਈ ਸੀਨੀਅਰ ਅਧਿਕਾਰੀ ਮੌਜੂਦ ਹੁੰਦਾ ਹੈ, ਜਿਸ ਕੋਲ ਜਾ ਕੇ ਉਹ ਆਪਣੀ ਗੱਲ ਰੱਖ ਸਕਣ।
ਮੀਡੀਆ ਦੇ ਸਵਾਲਾਂ ਤੋਂ ਕੱਤਰਾਈਆਂ ਆਰਟੀਏ ਅਫਸਰ
ਇਸ ਸਬੰਧੀ ਜਦੋਂ ਮੀਡੀਆ ਵਲੋਂ ਆਰਟੀਏ ਅਧਿਕਾਰੀ ਅਮਨਦੀਪ ਕੌਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫ਼ੋਨ ਦਫ਼ਤਰ ਬਾਹਰ ਰੱਖ ਕੇ ਦਾਖ਼ਲ ਹੋਣ ਦੀ ਗੱਲ ਕਹੀ ਤੇ ਕੈਮਰੇ ਸਾਹਮਣੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਹ ਰਵੱਈਆ ਸੈਂਟਰ ਦੀ ਕਾਰਗੁਜ਼ਾਰੀ ‘ਤੇ ਹੋਰ ਵੀ ਸਵਾਲ ਖੜੇ ਕਰ ਰਿਹਾ ਹੈ।
ਸਰਕਾਰ ਦੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ‘ਚ ਵੱਡਾ ਅੰਤਰ
ਲੋਕਾਂ ਨੇ ਕਿਹਾ ਕਿ ਸਰਕਾਰ ਭਾਵੇਂ ਆਨਲਾਈਨ ਲਾਇਸੰਸ ਪ੍ਰਕਿਰਿਆ ਤੇ ਲੋਕ ਸੁਵਿਧਾ ਲਈ ਵੱਡੇ ਵੱਡੇ ਦਾਅਵੇ ਕਰਦੀ ਹੈ, ਪਰ ਜ਼ਮੀਨੀ ਪੱਧਰ ‘ਤੇ ਹਾਲਤ ਬਿਲਕੁਲ ਵੱਖਰੇ ਹਨ। ਇਹ ਡਰਾਈਵਿੰਗ ਟੈਸਟ ਸੈਂਟਰ ਲੋਕਾਂ ਲਈ ਆਸਾਨੀ ਦੀ ਥਾਂ ਝਿੰਝਲਾਹਟ ਅਤੇ ਖੱਜਲ ਖੁਆਰੀ ਦਾ ਕੇਂਦਰ ਬਣ ਚੁੱਕਾ ਹੈ।
ਲੋਕਾਂ ਦੀ ਮੰਗ – ਕਾਰਗੁਜ਼ਾਰੀ ਦੀ ਹੋਵੇ ਜਾਂਚ
ਮੁਹੱਲਾ ਵਾਸੀਆਂ ਅਤੇ ਆਏ ਹੋਏ ਅਰਜ਼ੀਦਾਰਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੈਂਟਰ ਦੀ ਕਾਰਗੁਜ਼ਾਰੀ ਦੀ ਜਾਂਚ ਕਰਵਾਈ ਜਾਵੇ ਅਤੇ ਇੱਥੇ ਟ੍ਰਾਂਸਪਰੈਂਸੀ ਅਤੇ ਸਥਿਰ ਪ੍ਰਬੰਧਨ ਲਿਆਂਦਾ ਜਾਵੇ, ਤਾਂ ਜੋ ਆਮ ਲੋਕਾਂ ਦੇ ਕੰਮ ਬਿਨਾ ਰੁਕਾਵਟ ਤੇ ਕਰਪਸ਼ਨ ਦੇ ਪੂਰੇ ਹੋ ਸਕਣ।