Amritsar Police Encounter: 17 ਮਈ 2025 ਨੂੰ ਥਾਣਾ ਬੀ ਡਵਿਜ਼ਨ ਅਧੀਨ ਆਉਂਦੇ ਇਲਾਕੇ ਦੇ ਵਿੱਚ ਫਰਨੀਚਰ ਦੀ ਦੁਕਾਨ ‘ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ।
Firing at Furniture Shop in Amritsar: ਅੰਮ੍ਰਿਤਸਰ ਵਿੱਚ ਵੱਧ ਰਹੀਆਂ ਕ੍ਰਾਈਮ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਅੰਮ੍ਰਿਤਸਰ ਪੁਲਿਸ ਲਗਾਤਾਰ ਸਤਰਕ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਲਗਾਤਾਰ ਹੀ ਵੱਖ-ਵੱਖ ਕੇਸਾਂ ਦੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਅੰਮ੍ਰਿਤਸਰ ਪੁਲਿਸ ਅਤੇ ਕੁਝ ਆਰੋਪੀਆਂ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ 17 ਮਈ 2025 ਨੂੰ ਥਾਣਾ ਬੀ ਡਵਿਜ਼ਨ ਅਧੀਨ ਆਉਂਦੇ ਇਲਾਕੇ ਦੇ ਵਿੱਚ ਫਰਨੀਚਰ ਦੀ ਦੁਕਾਨ ‘ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਮੁੱਖ ਆਰੋਪੀ ਕਾਰਜਪ੍ਰੀਤ ਸਿੰਘ ਕਾਰਜ ਅਤੇ ਗੁਰਲਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਵਿਦੇਸ਼ ਬੈਠੇ ਜੀਵਨ ਫੌਜੀ ਦੇ ਇਸ਼ਾਰਿਆਂ ‘ਤੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਪੁਲਿਸ ਨੇ ਕਾਰਜਪ੍ਰੀਤ ਸਿੰਘ ਕਾਰਜ ਨੂੰ 26 ਮਈ ਨੂੰ ਗ੍ਰਿਫਤਾਰ ਕੀਤਾ ਸੀ ਜਦੋਂਕਿ ਗੁਰਲਾਲ ਸਿੰਘ ਨੂੰ 30 ਮਈ ਨੂੰ ਗ੍ਰਿਫਤਾਰ ਕੀਤਾ।
ਪੁਲਿਸ ਨੇ ਗੁਰਲਾਲ ਸਿੰਘ ਕੋਲੋਂ ਹਥਿਆਰ ਬਰਾਮਦ ਕਰਨ ਲਈ ਪੁੱਛ ਗਿੱਛ ਕੀਤੀ ਤਾਂ ਗੁਰਲਾਲ ਸਿੰਘ ਸੁਲਤਾਨਵਿੰਡ ਰੋਡ ‘ਤੇ ਲੈ ਆਇਆ ਅਤੇ ਜਿਸ ਥਾਂ ‘ਤੇ ਉਸਨੇ ਹਥਿਆਰ ਛੁਪਾਇਆ ਸੀ। ਚਲਾਕੀ ਦਿਖਾਉਂਦਿਆਂ ਗੁਰਲਾਲ ਨੇ ਹਥਿਆਰ ਲੈ ਕੇ ਪੁਲਿਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪੁਲਿਸ ਅਤੇ ਗੁਰਲਾਲ ਸਿੰਘ ਵਿਚਾਲੇ ਹਥੋਪਾਈ ਹੋਈ ਅਤੇ ਗੁਰਲਾਲ ਸਿੰਘ ਦੇ ਪਿਸਤੌਲ ਚੋਂ ਗੋਲੀ ਉਸਦੇ ਹੀ ਪੈਰ ‘ਤੇ ਜਾ ਲੱਗੀ। ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ਗੁਰਲਾਲ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਸ ਸਬੰਧੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਇਹ ਦੋਵੇਂ ਜੀਵਨ ਫੌਜੀ ਦੇ ਇਸ਼ਾਰਿਆਂ ‘ਤੇ ਕੰਮ ਕਰਦੇ ਸੀ। ਇਨ੍ਹਾਂ ਨੇ ਕੈਨੇਡਾ ਵਿੱਚ ਇੱਕ ਲੱਖ ਡਾਲਰ ਦੀ ਫਰੌਤੀ ਮੰਗੀ ਗਈ ਸੀ ਅਤੇ ਪਰਿਵਾਰ ‘ਤੇ ਦਬਾਅ ਪਾਉਣ ਲਈ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਉਨ੍ਹਾਂ ਦੀ ਫਰਨੀਚਰ ਦੀ ਦੁਕਾਨ ‘ਤੇ ਗੋਲੀਆਂ ਚਲਾਈਆਂ। ਇਸ ਫਾਇਰਿੰਗ ਵਿੱਚ ਦੋ ਲੋਕ ਜ਼ਖ਼ਮੀ ਵੀ ਹੋਏ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਗਰੁੱਪ ਦੇ ਨਾਲ ਸੰਬੰਧਿਤ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਲੱਗੀ ਹੋਈ ਹੈ।