ਅਭਿਆਸ ਦੌਰਾਨ ਡਰਨ ਜਾਂ ਘਬਰਾਉਣ ਦੀ ਨਹੀਂ ਕੋਈ ਲੋੜ-ਸ੍ਰੀ ਰਾਹੁਲ
Deputy Commissioner statement ; ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਰਾਹੁਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਮੱਦੇ ਨਜ਼ਰ 07 ਮਈ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਭਿਆਸ ਕੀਤਾ ਜਾ ਰਿਹਾ ਹੈ, ਜਿਸ ਤਹਿਤ 07 ਮਈ ਨੂੰ ਸ਼ਾਮ 04 ਵਜੇ ਸਾਇਰਨ ਵੱਜੇਗਾ, ਜੋ ਹਵਾਈ ਹਮਲੇ ਦੀ ਸੂਚਨਾ ਦਾ ਪ੍ਰਤੀਕ ਹੋਵੇਗਾ।
ਉਹਨਾਂ ਕਿਹਾ ਕਿ ਕੱਲ ਜਾਂ ਉਸ ਤੋਂ ਬਾਅਦ ਜਦੋਂ ਵੀ ਅਜਿਹਾ ਸਾਇਰਨ ਵਜੇ ਤਾਂ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਇਹ ਆਵਾਜ਼ ਸੁਣਦੇ ਸਾਰ ਉੱਚੀਆਂ ਇਮਾਰਤਾਂ ਵਿੱਚੋਂ ਨਿਕਲ ਕੇ ਕਿਸੇ ਜਮੀਨ ਜਾਂ ਜ਼ਮੀਨ ਦੋਜ ਬੰਕਰ ‘ਤੇ ਪਹੁੰਚ ਜਾਣ, ਜੇਕਰ ਉਹਨਾਂ ਕੋਲ ਉੱਥੇ ਕੋਈ ਛੱਤ ਨਹੀਂ ਹੈ ਤਾਂ ਉਹ ਦਰੱਖਤ ਦੇ ਹੇਠਾਂ ਜਾਂ ਖੁੱਲੇ ਦੇ ਵਿੱਚ ਲੰਮੇ ਪੈ ਜਾਣ । ਜੋ ਲੋਕ ਇਮਾਰਤਾਂ ਦੇ ਵਿੱਚ ਰਹਿ ਰਹੇ ਹੋਣਗੇ ਉਹ ਖਿੜਕੀਆਂ ਅਤੇ ਖਾਸ ਕਰਕੇ ਸ਼ੀਸ਼ੇ ਤੋਂ ਦੂਰ ਹੋ ਜਾਣ। ਇਸੇ ਦੌਰਾਨ ਉਹ ਆਪਣੀ ਗੈਸ ਅਤੇ ਬਿਜਲੀ ਦੇ ਕਨੈਕਸ਼ਨ ਬੰਦ ਕਰਨ ਅਤੇ ਆਪਣੀ ਲੋੜ ਅਨੁਸਾਰ ਪੀਣ ਵਾਲਾ ਪਾਣੀ ਤੇ ਭੋਜਨ ਸਟੋਰ ਰੱਖਣ।
ਉਨਾਂ ਕਿਹਾ ਕਿ ਇਸ ਸਮੇਂ ਦੌਰਾਨ ਸੜਕ ਉੱਤੋਂ ਚਲਦੇ ਰਾਹਗੀਰ ਜਾਂ ਗੱਡੀਆਂ ਐਮਰਜੈਂਸੀ ਵਹੀਕਲ ਜਿੰਨਾ ਵਿੱਚ ਅੱਗ ਬੁਝਾਊ ਗੱਡੀਆਂ ਜਾਂ ਐਂਬੂਲੈਂਸ ਹੋ ਸਕਦੀਆਂ ਹਨ ਨੂੰ ਤੁਰੰਤ ਰਸਤਾ ਦੇਣ।
ਉਨ੍ਹਾਂ ਨੇ ਦੱਸਿਆ ਕਿ ਇਹ ਸਾਇਰਨ ਸਿਵਲ ਡਿਫੈਂਸ ਵੱਲੋਂ ਅਭਿਆਸ ਲਈ ਵਜਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦੀ ਫੰਕਸ਼ਨਲਟੀ ਅਤੇ ਸਾਊਂਡ ਚੈੱਕ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜਰੂਰਤ ਨਹੀਂ ਹੈ।
ਉਹਨਾਂ ਦੱਸਿਆ ਕਿ 07 ਮਈ ਨੂੰ ਰਾਤ 09 ਵਜੇ ਤੋਂ 9:30 ਤੱਕ ਇਸੇ ਤਰ੍ਹਾਂ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ।
ਬਲੈਕ ਆਊਟ ਦੌਰਾਨ ਸਾਰੇ ਸ਼ਹਿਰ ਦੀ ਲਾਈਟ ਬੰਦ ਕਰ ਦਿੱਤੀ ਜਾਵੇਗੀ ਅਤੇ ਸ਼ਹਿਰ ਦੀ ਜਨਤਾ ਨੂੰ ਵੀ ਇਹ ਅਪੀਲ ਹੈ ਕਿ ਉਹ ਇਸ ਦੌਰਾਨ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖਣ।
ਜੇਕਰ ਉਹਨਾਂ ਕਿਸੇ ਵਜ੍ਹਾ ਇਹ ਚਾਲੂ ਰੱਖਣੇ ਹਨ ਤਾਂ ਉਹ ਆਪਣੀਆਂ ਲਾਈਟਾਂ ਇਸ ਢੰਗ ਨਾਲ ਚਲਾਉਣ ਕਿ ਉਹਨਾਂ ਦੀ ਰੌਸ਼ਨੀ ਖਿੜਕੀ ਜਾਂ ਦਰਵਾਜੇ ਤੋਂ ਬਾਹਰ ਨਾ ਜਾਵੇ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਜੋ ਲਾਈਟ ਹਨੇਰਾ ਹੋਣ ਤੇ ਆਪਣੇ ਆਪ ਚਲਦੀ ਹੈ, ਨੂੰ ਵੀ ਇਸ ਸਮੇਂ ਦੌਰਾਨ ਬੰਦ ਕੀਤਾ ਜਾਵੇ, ਤਾਂ ਜੋ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਵਿਖਾਈ ਦੇਵੇ।
ਇਸ ਸਮੇਂ ਦੌਰਾਨ ਜੇਕਰ ਕੋਈ ਸੜਕ ਉੱਤੇ ਗੱਡੀ ਜਾ ਰਹੀ ਹੈ ਤਾਂ ਉਹ ਉਸਦੀਆਂ ਲਾਈਟਾਂ ਬੰਦ ਕਰਕੇ ਉਸ ਨੂੰ ਸੜਕ ਤੋਂ ਹੇਠਾਂ ਲਾਹ ਕੇ ਕੱਚੇ ਸਥਾਨ ਉੱਤੇ ਰੋਕ ਕੇ ਲਵੇ।