Fazilka News: ਬਜ਼ੁਰਗ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਦੀ ਗੱਡੀ ਸਣੇ ਵਿਰੋਧੀ ਧਿਰ ਦੇ ਲੋਕ ਉਸ ਦਾ ਪਿੱਛਾ ਕਰਦੇ ਹਨ।
Punjab Police: ਉਂਝ ਤਾਂ ਪੰਜਾਬ ਪੁਲਿਸ ਆਪਣੇ ਕਿਸੇ ਨਾਲ ਕਿਸੇ ਕਾਰੇ ਕਰਕੇ ਸੁਰਖੀਆਂ ‘ਚ ਬਣੇ ਰਹਿੰਦੀ ਹੈ। ਪਰ ਹੁਣ ਫਾਜ਼ਿਲਕਾ ਦੇ ਜਲਾਲਾਬਾਦ ਦੀ ਪੁਲਿਸ ਆਪਣਿਆਂ ਕਾਰਨਾਮਿਆਂ ਨੂੰ ਲੈ ਕੇ ਚਰਚਾ ‘ਚ ਆਈ ਹੈ। ਤਾਜ਼ਾ ਮਾਮਲਾ ਥਾਣਾ ਵੈਰੋ ਕਾ ਦੀ ਪੁਲਿਸ ਨਾਲ ਜੁੜਿਆ ਹੈ। ਦਰਅਸਲ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਪਿੰਡ ਸੜੀਆਂ ਦਾ ਇੱਕ ਬਜ਼ੁਰਗ ਕਿਸਾਨ ਦਾਖਲ ਹੈ, ਜੋ ਕਿਸੇ ਬਿਮਾਰੀ ਦਾ ਸ਼ਿਕਾਰ ਨਹੀਂ ਹੈ ਪਰ ਇਸ ਨਾਲ ਥਾਣਾ ਵੈਰੋ ਕਾ ਦੀ ਪੁਲਿਸ ਦੇ ਵਲੋਂ ਬਹੁਤ ਮਾੜਾ ਵਤੀਰਾ ਕੀਤਾ।
ਪੀੜਤ ਦੀ ਜੁਬਾਨੀ ਸੁਣਨ ਤੋਂ ਬਾਅਦ ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਦੇ ਉੱਚ ਅਧਿਕਾਰੀਆਂ ਸਣੇ ਸਬ ਡਵੀਜਨ ਜਲਾਲਾਬਾਦ ਦੇ ਪੁਲਿਸ ਅਧਿਕਾਰੀਆਂ ਦਾ ਸ਼ਰਮ ਦੇ ਨਾਲ ਸਿਰ ਝੁੱਕ ਜਾਵੇਗਾ। ਇਸ ਮੌਕੇ ਪੀੜਤ ਵਿਅਕਤੀ ਸੁਰਜੀਤ ਸਿੰਘ ਵਾਸੀ ਸੜੀਆਂ ਨੇ ਦੱਸਿਆ 25 ਅਪ੍ਰੈਲ ਦੀ ਸਵੇਰ ਨੂੰ ਲਗਭਗ 7 ਵਜੇ ਦੇ ਕਰੀਬ ਖੇਤ ’ਚ ਪਸ਼ੂਚਾਰਾ ਲੈਣ ਗਿਆ ਸੀ ਤਾਂ ਇੰਨੇ ਨੂੰ ਥਾਣਾ ਵੈਰੋ ਕਾ ਦੀ ਪੁਲਿਸ ਦੀ ਗੱਡੀ ’ਚ ਇੱਕ ਏਐੱਸਆਈ ਅਤੇ 5 ਹੋਰ ਪੁਲਿਸ ਮੁਲਾਜ਼ਮ ਉਸ ਦੇ ਖੇਤਾਂ ’ਚ ਆਉਂਦੇ ਹਨ ਅਤੇ ਜ਼ਬਰਸਤੀ ਉਸਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਜਿਸ ਮਗਰੋਂ ਪੀੜਤ ਵਲੋਂ ਆਪਣਾ ਗੁਨਾਹ ਪੁੱਛਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਕਿ ਤੇਰੇ ਵਿਰੁੱਧ ਮਾਮਲਾ ਦਰਜ ਹੈ।
ਇਸੇ ਦੌਰਾਨ ਬਜ਼ੁਰਗ ਕਿਸਾਨ ਉਨ੍ਹਾਂ ਦੇ ਚੁੰਗਲ ’ਚੋਂ ਬੱਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇੰਨੇ ਨੂੰ ਉਨ੍ਹਾਂ ਨਾਲ ਪੁਰਾਣੀ ਰੰਜਸ਼ ਰੱਖਣ ਵਾਲੇ ਵਿਰੋਧੀ ਧਿਰ ਦੇ ਵਿਅਕਤੀ ਵੀ ਉੱਥੇ ਆ ਜਾਂਦੇ ਹਨ। ਬਜ਼ੁਰਗ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਦੀ ਗੱਡੀ ਸਣੇ ਵਿਰੋਧੀ ਧਿਰ ਦੇ ਲੋਕ ਉਸ ਦਾ ਪਿੱਛਾ ਕਰਦੇ ਹਨ ਤੇ ਜਦੋਂ ਉਹ ਖੇਤਾਂ ’ਚ ਬੇਹੋਸ਼ ਹੋ ਕੇ ਡਿੱਗ ਪੈਂਦਾ ਹੈ ਤਾਂ ਬਾਅਦ ‘ਚ ਪੁਲਿਸ ਉਸ ਨਾਲ ਕੁੱਟਮਾਰ ਕਰਦੀ ਹੈ ਤੇ ਉਸ ਦੀ ਦਾੜ੍ਹੀ ਦੇ ਵਾਲ ਤੱਕ ਪੁੱਟੇ ਜਾਂਦੇ ਹਨ।
ਇਸ ਘਟਨਾ ਦੌਰਾਨ ਖੇਤਾਂ ’ਚ ਪੁਲਿਸ ਦੀ ਗੱਡੀ ਵੀ ਫੱਸ ਜਾਂਦੀ ਹੈ ਜਿਸ ਨੂੰ ਟਰੈਕਟਰ ਨਾਲ ਕੱਢਿਆ ਜਾ ਰਿਹਾ ਹੈ। ਜਿਸ ਮੌਕੇ ‘ਤੇ ਮੌਜੂਦ ਕੁਝ ਔਰਤਾਂ ਨੇ ਆਪਣੇ ਮੋਬਾਈਲ ’ਤੇ ਕੈਂਦ ਕੀਤਾ। ਹੁਣ ਵੇਖਣਾ ਇਹ ਹੋਵੇਗਾ ਕਿ ਥਾਣਾ ਵੈਰੋ ਕਾ ਪੁਲਿਸ ਦੀ ਇਸ ਕਰਤੂਤ ’ਤੇ ਪੁਲਿਸ ਦੇ ਉੱਚ ਅਧਿਕਾਰੀ ਕੀ ਕਾਰਵਾਈ ਅਮਲ ’ਚ ਲਿਆਉਂਦੇ ਹਨ।