American investigative agency FBI Action: ਅਮਰੀਕੀ ਜਾਂਚ ਏਜੰਸੀ FBI ਨੇ ਭਾਰਤ ਤੋਂ ਭਗੌੜੇ ਅਤੇ ਲੋੜੀਂਦੇ ਅੱਤਵਾਦੀਆਂ ਅਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਅਤੇ ਭਾਰਤੀ ਮੂਲ ਦੇ 8 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ।
FBI’s ‘Summer Heat Initiative’ Mission: ਅਮਰੀਕਾ ਵਿੱਚ ਭਾਰਤ ਤੋਂ ਫਰਾਰ ਹੋਏ ਖਾਲਿਸਤਾਨੀ ਅੱਤਵਾਦੀਆਂ ਅਤੇ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਦੇ ਹੋਏ, ਐਫਬੀਆਈ ਅਤੇ ਸਥਾਨਕ ਏਜੰਸੀਆਂ ਨੇ 11 ਜੁਲਾਈ ਨੂੰ ਕੈਲੀਫੋਰਨੀਆ ਦੇ ਸੈਨ ਜੋਆਕੁਇਨ ਕਾਉਂਟੀ ਵਿੱਚ ਇੱਕ ਵੱਡੀ ਕਾਰਵਾਈ ਕੀਤੀ। ਸਟਾਕਟਨ, ਮੈਂਟੇਕਾ ਅਤੇ ਸਟੈਨਿਸਲਾਸ ਕਾਉਂਟੀ ਦੀਆਂ ਸਵੈਟ ਟੀਮਾਂ ਅਤੇ ਐਫਬੀਆਈ ਦੀ ਸਪੈਸ਼ਲ ਯੂਨਿਟ ਦੀ ਮਦਦ ਨਾਲ ਕੀਤੇ ਗਏ ਇਸ ਆਪ੍ਰੇਸ਼ਨ ਵਿੱਚ, ਭਾਰਤੀ ਮੂਲ ਦੇ 8 ਖਾਲਿਸਤਾਨ ਪੱਖੀ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਖਾਲਿਸਤਾਨ ਪੱਖੀ ਦਿਲਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਵਿਸ਼ਾਲ, ਪਵਿੱਤਰਾ ਸਿੰਘ ਉਰਫ ਪਵਿੱਤਰਾ ਬਟਾਲਾ, ਗੁਰਤਾਜ ਸਿੰਘ, ਮਨਪ੍ਰੀਤ ਰੰਧਾਵਾ ਅਤੇ ਸਰਬਜੀਤ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰਿਆਂ ਵਿਰੁੱਧ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਖਾਲਿਸਤਾਨੀ ਨੈੱਟਵਰਕ ਨੂੰ ਠੱਲ੍ਹ ਪਾਉਣ ਦੀ ਦਿਸ਼ਾ ਵਿੱਚ ਇਹ ਕਾਰਵਾਈ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਗ੍ਰਿਫ਼ਤਾਰੀ ਤੋਂ ਬਾਅਦ ਹੋਈ ਪੁੱਛਗਿੱਛ, ਸਾਰਿਆਂ ਨੂੰ ਭੇਜਿਆ ਜੇਲ੍ਹ
ਇਨ੍ਹਾਂ ਸਾਰਿਆਂ ਖ਼ਿਲਾਫ਼ ਅਗਵਾ, ਤਸ਼ੱਦਦ, ਗੈਰ-ਕਾਨੂੰਨੀ ਕੈਦ, ਅਪਰਾਧਿਕ ਸਾਜ਼ਿਸ਼, ਗਵਾਹਾਂ ਨੂੰ ਡਰਾਉਣਾ, ਅਰਧ-ਆਟੋਮੈਟਿਕ ਹਥਿਆਰਾਂ ਨਾਲ ਹਮਲਾ, ਦਹਿਸ਼ਤ ਫੈਲਾਉਣ ਦੀ ਧਮਕੀ, ਗੈਂਗ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਹਨ, ਵੱਡੀ ਮਾਤਰਾ ਵਿੱਚ ਗ਼ੈਰ-ਕਾਨੂੰਨੀ ਹਥਿਆਰ ਰੱਖਣੇ, ਮਸ਼ੀਨ ਗਨ ਅਤੇ ਅਸਾਲਟ ਰਾਈਫਲਾਂ ਰੱਖਣੀਆਂ, ਸ਼ਾਰਟ-ਬੈਰਲ ਰਾਈਫਲਾਂ ਬਣਾਉਣੀਆਂ ਅਤੇ ਗ਼ੈਰ-ਕਾਨੂੰਨੀ ਮੈਗਜ਼ੀਨ ਵੇਚਣੇ ਸ਼ਾਮਲ ਹਨ। ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਮਰੀਕਾ ਦੀ ਹੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਐਫਬੀਆਈ ਦੀ ਇਸ ਕਾਰਵਾਈ ਦੌਰਾਨ ਮੁਲਜ਼ਮਾਂ ਤੋਂ 5 ਪਿਸਤੌਲ (ਆਟੋਮੈਟਿਕ ਗਲੋਕ), ਇੱਕ ਅਸਾਲਟ ਰਾਈਫਲ, ਸੈਂਕੜੇ ਗੋਲੀਆਂ, ਉੱਚ-ਸਮਰੱਥਾ ਵਾਲੇ ਮੈਗਜ਼ੀਨ ਅਤੇ 15,000 ਡਾਲਰ ਨਕਦੀ ਜ਼ਬਤ ਕੀਤੀ ਗਈ ਹੈ।
ਗ੍ਰਿਫ਼ਤਾਰ ਕੀਤੇ ਗਏ 8 ਦੋਸ਼ੀਆਂ ਦੇ ਨਾਂਅ:
-ਦਿਲਪ੍ਰੀਤ ਸਿੰਘ
-ਅਰਸ਼ਪ੍ਰੀਤ ਸਿੰਘ
-ਅੰਮ੍ਰਿਤਪਾਲ ਸਿੰਘ
-ਵਿਸ਼ਾਲ (ਪੂਰਾ ਨਾਂ ਸਾਹਮਣੇ ਨਹੀਂ ਆਇਆ)
-ਪਵਿੱਤਰ ਸਿੰਘ ਉਰਫ ਪਵਿੱਤਰ ਬਟਾਲਾ
-ਗੁਰਤਾਜ ਸਿੰਘ
-ਮਨਪ੍ਰੀਤ ਰੰਧਾਵਾ
-ਸਰਬਜੀਤ ਸਿੰਘ
ਸਭ ਤੋਂ ਅਹਿਮ ਪਵਿੱਤਰ ਬਟਾਲਾ ਦੀ ਗ੍ਰਿਫ਼ਤਾਰੀ
ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਨਾਂ ਪਵਿੱਤਰ ਸਿੰਘ ਉਰਫ ਪਵਿੱਤਰ ਬਟਾਲਾ ਦਾ ਹੈ, ਜੋ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ ਤੇ ਭਾਰਤ ਦੀ ਐਨਆਈਏ ਅਤੇ ਪੰਜਾਬ ਪੁਲਿਸ ਲਈ ਮੋਸਟ ਵਾਂਟੇਡ ਹੈ। ਉਹ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਰੋਡੇ ਨਾਲ ਮਿਲ ਕੇ ਅੱਤਵਾਦੀ ਗਤੀਵਿਧੀਆਂ ਚਲਾ ਰਿਹਾ ਸੀ। ਉਸ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ।