Faridkot Incident of theft; ਫਰੀਦਕੋਟ ਸ਼ਹਿਰ ‘ਚ ਇਨ੍ਹੀਂ ਦਿਨੀਂ ਦੁਕਾਨਦਾਰ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ, ਜਿਥੇ ਆਏ ਦਿਨ ਚੋਰਾਂ ਵੱਲੋਂ ਵੱਖ-ਵੱਖ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ‘ਚ ਅਸਫ਼ਲ ਨਜ਼ਰ ਆ ਰਹੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਜਦੋਂ ਚੋਰਾਂ ਵੱਲੋਂ ਇੱਕ ਇਲੈਕਟ੍ਰਿਕ ਸਕੂਟਰੀਆਂ ਦੀ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਥੇ ਉਸਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰੋਂ ਕਰੀਬ ਚਾਰ ਵੱਡੇ ਬੈਟਰੇ,6 ਇਨਵਰਟਰ ਅਤੇ ਕੁੱਝ ਹੋਰ ਕੀਮਤੀ ਸਮਾਨ ਤੋਂ ਇਲਾਵਾ 3500 ਰੁਪਏ ਦੇ ਕਰੀਬ ਨਕਦੀ ਲੈ ਫ਼ਰਾਰ ਹੋ ਗਏ। ਉੱਥੇ ਹੀ ਉਸੇ ਰਾਤ ਫਰੀਦਕੋਟ ਦੇ ਇੱਕ ਨਾਮੀ ਵਕੀਲ ਦੇ ਘਰ ਚੋਰ ਦਾਖ਼ਿਲ ਹੋ ਘਰ ‘ਚ ਪਈ ਕਰੀਬ ਸਵਾ ਦੋ ਲੱਖ ਰੁਪਏ ਦੀ ਨਕਦੀ ਲੈਕੇ ਫ਼ਰਾਰ ਹੋ ਗਏ।
ਹਾਲਾਂਕਿ ਪੁਲਿਸ ਦੋਨਾਂ ਚੋਰੀਆਂ ਦੀ ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਚੋਰਾਂ ਦੀ ਪਹਿਚਾਣ ਕਰਨ ਚ ਜੁਟੀ ਹੈ, ਪਰ ਹੁਣ ਤੱਕ ਪੁਲਿਸ ਸ਼ਹਿਰ ਅੰਦਰ ਪਿਛਲੇ ਦਿਨੀ ਹੋਈਆਂ ਚੋਰੀਆ ਦੇ ਦੋਸ਼ੀਆਂ ਨੂੰ ਵੀ ਫੜਨ ‘ਚ ਅਸਫ਼ਲ ਜਾਪ ਰਹੀ ਹੈ।
ਇਸ ਸਬੰਧੀ ਪੀੜਿਤ ਦੁਕਾਨਦਾਰ ਪ੍ਰੇਮ ਬਾਂਸਲ ਨੇ ਦੱਸਿਆ ਕਿ ਤੜਕਸਾਰ ਪੰਜ ਵਜੇ ਦੇ ਕਰੀਬ PCR ਮੁਲਾਜ਼ਮਾਂ ਨੇ ਫ਼ੋਨ ਕਰਕੇ ਇਤਲਾਹ ਦਿੱਤੀ ਕਿ ਉਸਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਅਤੇ ਜਦੋਂ ਪੁਲਿਸ ਨੇ ਮੌਕੇ ‘ਤੇ ਦੇਖਿਆ ਤਾਂ ਉਸਦੀ ਦੁਕਾਨ ਚੋ ਚੋਰਾਂ ਨੇ 6 ਇਨਵਰਟਰ,4 ਵੱਡੇ ਬੈਟਰੇ ਅਤੇ ਕਰੀਬ 3300 ਰੁਪਏ ਨਕਦੀ ਤੋਂ ਇਲਾਵਾ ਹੋਰ ਸਮਾਨ ਚੋਰੀ ਕਰ ਲਿਆ ਹੈ।ਉਨ੍ਹਾਂ ਦੱਸਿਆ ਕਿ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਚ ਚੋਰਾਂ ਦੀਆਂ ਤਸਵੀਰਾਂ ਵੀ ਕ਼ੈਦ ਹੋ ਗਈਆਂ।
ਉਧਰ ਇਸ ਮਾਮਲੇ ‘ਚ ਪੁਲਿਸ ਕੁੱਝ ਵੀ ਬੋਲਣ ਤੋਂ ਗੁਰੇਜ਼ ਕਰਦੀ ਨਜ਼ਰ ਆਈ। ਪੁਲਿਸ ਦਾ ਕਹਿਣਾ ਹੈ ਕੇ ਚੋਰ ਫੜਨ ਤੋਂ ਬਾਅਦ ਹੀ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।