Maxico City Tankar Blast: ਬੁੱਧਵਾਰ ਨੂੰ ਮੈਕਸੀਕੋ ਸਿਟੀ ਦੀਆਂ ਗਲੀਆਂ ਦਹਿਸ਼ਤ ਅਤੇ ਚੀਕਾਂ ਨਾਲ ਭਰ ਗਈਆਂ। ਰਾਜਧਾਨੀ ਦੇ ਦੱਖਣੀ ਹਿੱਸੇ ਵਿੱਚ ਇੱਕ ਗੈਸ ਟੈਂਕਰ ਟਰੱਕ ਅਚਾਨਕ ਪਲਟ ਗਿਆ ਅਤੇ ਇੱਕ ਵੱਡੇ ਧਮਾਕੇ ਨਾਲ ਫਟ ਗਿਆ। ਪੂਰਾ ਇਲਾਕਾ ਅੱਗ ਅਤੇ ਧੂੰਏਂ ਵਿੱਚ ਘਿਰ ਗਿਆ। ਇਸ ਭਿਆਨਕ ਹਾਦਸੇ ਵਿੱਚ ਘੱਟੋ-ਘੱਟ 57 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 19 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਈ ਜ਼ਖਮੀਆਂ ਦੇ ਸਰੀਰ ‘ਤੇ ਜਲਣ ਦੇ ਨਿਸ਼ਾਨ ਹਨ ਅਤੇ ਉਹ ਫਟੇ ਹੋਏ ਕੱਪੜਿਆਂ ਵਿੱਚ ਸੜਕ ‘ਤੇ ਪਏ ਹੋਏ ਮਦਦ ਦੀ ਉਡੀਕ ਕਰ ਰਹੇ ਸਨ। ਮੈਕਸੀਕੋ ਸਿਟੀ ਦੀ ਮੇਅਰ ਕਲਾਰਾ ਬਰੂਗਾਡਾ ਨੇ ਇਸ ਘਟਨਾ ਨੂੰ ‘ਐਮਰਜੈਂਸੀ’ ਐਲਾਨਿਆ।
ਉਨ੍ਹਾਂ ਕਿਹਾ ਕਿ ਇਸ ਧਮਾਕੇ ਵਿੱਚ 18 ਵਾਹਨ ਸੜ ਕੇ ਸੁਆਹ ਹੋ ਗਏ। ਰਾਹਤ ਦੀ ਗੱਲ ਹੈ ਕਿ ਹੁਣ ਤੱਕ ਕਿਸੇ ਦੀ ਮੌਤ ਨਹੀਂ ਹੋਈ ਹੈ। ਜ਼ਖਮੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਹਾਈਵੇਅ ‘ਤੇ ਗੈਸ ਟੈਂਕਰ ਟਰੱਕ ਦੇ ਪਲਟਣ ਤੋਂ ਬਾਅਦ ਧਮਾਕਾ ਹੋਇਆ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ ਅੱਗ ਦਾ ਇੱਕ ਵੱਡਾ ਬੱਦਲ ਉੱਠਦਾ ਦਿਖਾਈ ਦੇ ਰਿਹਾ ਹੈ, ਲੋਕ ਚੀਕਦੇ ਅਤੇ ਭੱਜਦੇ ਦਿਖਾਈ ਦੇ ਰਹੇ ਹਨ। ਇੱਕ ਵੀਡੀਓ ਵਿੱਚ, ਦੋ ਲੋਕ ਪੂਰੀ ਤਰ੍ਹਾਂ ਸੜਦੇ ਦਿਖਾਈ ਦੇ ਰਹੇ ਹਨ, ਉਨ੍ਹਾਂ ਦੇ ਕੱਪੜੇ ਉਨ੍ਹਾਂ ਦੇ ਸਰੀਰ ਨਾਲ ਚਿਪਕ ਗਏ ਸਨ ਅਤੇ ਹਾਲਤ ਬਹੁਤ ਦਰਦਨਾਕ ਸੀ।
ਘਟਨਾ ਵਾਲੀ ਥਾਂ ਪਹੁੰਚੀ ਮੇਅਰ
ਸਰਕਾਰੀ ਸਕੱਤਰ ਸੀਜ਼ਰ ਕ੍ਰਾਵੀਓਟੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਗ “ਪੂਰੀ ਤਰ੍ਹਾਂ ਕਾਬੂ ਹੇਠ” ਹੈ। ਹਾਦਸੇ ਵਾਲੀ ਥਾਂ ‘ਤੇ ਸਿਲਜਾ ਨਾਮਕ ਇੱਕ ਊਰਜਾ ਕੰਪਨੀ ਦਾ ਲੋਗੋ ਦੇਖਿਆ ਗਿਆ ਸੀ, ਪਰ ਕੰਪਨੀ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਉਨ੍ਹਾਂ ਦਾ ਵਾਹਨ ਨਹੀਂ ਸੀ ਕਿਉਂਕਿ ਉਹ ਸਿਰਫ਼ ਉੱਤਰੀ ਮੈਕਸੀਕੋ ਵਿੱਚ ਕੰਮ ਕਰਦੇ ਹਨ। ਮੇਅਰ ਬਰੂਗਾਡਾ ਖੁਦ ਮੌਕੇ ‘ਤੇ ਪਹੁੰਚੇ ਅਤੇ ਅੱਗ ਬੁਝਾਉਣ ਵਾਲਿਆਂ ਅਤੇ ਮੈਡੀਕਲ ਟੀਮਾਂ ਦਾ ਸਮਰਥਨ ਕੀਤਾ।
ਭਾਰੀ ਜੱਦੋ-ਜਹਿਦ ਬਾਅਦ ਪਾਇਆ ਗਿਆ ਅੱਗ ‘ਤੇ ਕਾਬੂ
ਅੱਗ ਬੁਝਾਊ ਦਸਤੇ ਲਗਾਤਾਰ ਪਾਣੀ ਪਾ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ। ਇਹ ਧਮਾਕਾ ਮੈਕਸੀਕੋ ਸਿਟੀ ਨੂੰ ਪੁਏਬਲਾ ਸ਼ਹਿਰ ਨਾਲ ਜੋੜਨ ਵਾਲੇ ਹਾਈਵੇਅ ‘ਤੇ ਹੋਇਆ। ਹਾਦਸੇ ਤੋਂ ਬਾਅਦ ਇਹ ਸੜਕ ਕਈ ਘੰਟਿਆਂ ਤੱਕ ਬੰਦ ਰਹੀ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਹਾਲਾਂਕਿ, ਸ਼ਾਮ ਤੱਕ ਸੜਕ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਅਤੇ ਸਥਿਤੀ ਹੌਲੀ-ਹੌਲੀ ਆਮ ਹੋਣ ਲੱਗੀ। ਇਸ ਭਿਆਨਕ ਹਾਦਸੇ ਨੇ ਇੱਕ ਵਾਰ ਫਿਰ ਗੈਸ ਟੈਂਕਰਾਂ ਦੀ ਸੁਰੱਖਿਆ ਅਤੇ ਸੜਕਾਂ ‘ਤੇ ਲਾਪਰਵਾਹੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।