Punjab News: ਪੀੜਤਾਂ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਪੁਲਿਸ ਨੂੰ ਉਹਨਾਂ ਵੱਲੋਂ ਪਿਛਲੇ ਤਿੰਨ ਦਿਨ ਪਹਿਲਾਂ ਤੋਂ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਸੀ।
Firing in Tarn Taran: ਤਰਨਤਾਰਨ ਦੇ ਪਿੰਡ ਨਾਰਲਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਧਿਰ ਵੱਲੋਂ ਘਰ ਵਿੱਚ ਦਾਖਲ ਹੋ ਕੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਇਹ ਹਮਲਾ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਕੀਤਾ ਗਿਆ। ਹਾਲਾਂਕਿ ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਵਿਅਕਤੀ ਉੱਪਰ ਪਹਿਲੀ ਧਿਰ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਰਸਤਾ ਰੋਕ ਕੇ ਗੋਲੀ ਚਲਾਈ ਗਈ।
ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਸਿੰਘ ਅਤੇ ਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਮੌਜੂਦ ਸੀ ਕਿ ਇਸ ਦੌਰਾਨ ਪਿੰਡ ਦੇ ਹੀ ਮੁਹਤਬਰ ਵਿਅਕਤੀ ਨਿਰਮਲਜੀਤ ਸਿੰਘ ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਇਆ ਅਤੇ ਮਾਰ ਦੇਣ ਦੀ ਨੀਅਤ ਨਾਲ ਉਹਨਾਂ ‘ਤੇ ਸਿੱਧੀਆਂ ਗੋਲੀਆਂ ਚਲਾਈਆਂ। ਜਿਸ ਚੋਂ ਦੋ ਗੋਲੀਆਂ ਉਨ੍ਹਾਂ ਦੇ ਲੜਕੇ ਦਲੇਰ ਸਿੰਘ ਅਤੇ ਸ਼ਮਸ਼ੇਰ ਸਿੰਘ ਦੇ ਲੱਗੀਆਂ। ਦੋਵਾਂ ਨੂੰ ਗੰਭੀਰ ਹਾਲਤ ਵਿੱਚ ਭੇਖੀਵਿੰਡ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ।
ਦੋਵਾਂ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਖੇ ਰੈਫਰ ਕੀਤਾ ਗਿਆ। ਪੀੜਤਾਂ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਪੁਲਿਸ ਨੂੰ ਉਹਨਾਂ ਵੱਲੋਂ ਪਿਛਲੇ ਤਿੰਨ ਦਿਨ ਪਹਿਲਾਂ ਤੋਂ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਸੀ ਪਰ ਉਹਨਾਂ ਦੀ ਸੁਣਵਾਈ ਕਰਨ ਦੀ ਬਜਾਏ ਅੱਜ ਪੁਲਿਸ ਉਨ੍ਹਾਂ ਦੇ ਘਰ ਮੌਕਾ ਵੇਖਣ ਆਈ ਅਤੇ ਜ਼ਬਰਦਸਤੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਪੀੜਤ ਪਰਿਵਾਰ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰ ਰਿਹਾ ਹੈ। ਉੱਥੇ ਹੀ ਜ਼ਖ਼ਮੀ ਦਲੇਰਾ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਿਰਮਲਜੀਤ ਸਿੰਘ ਨੇ ਸ਼ਰੇਆਮ ਗੋਲੀਆਂ ਮਾਰ ਕੇ ਜ਼ਖ਼ਮੀ ਕੀਤਾ।

ਉਧਰ ਦੂਜੇ ਪਾਸੇ ਵਿਰੋਧੀ ਧਿਰ ਦੇ ਵਿਅਕਤੀ ਕਵਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਨਿਰਮਲਜੀਤ ਸਿੰਘ ਜੋ ਕਿ ਖੇਤੋਂ ਪਨੀਰੀ ਨੂੰ ਪਾਣੀ ਦੇ ਕੇ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਵਿਰੋਧੀ ਧਿਰ ਦੇ ਵਿਅਕਤੀਆਂ ਨੇ ਉਸ ‘ਤੇ ਹਮਲਾ ਕੀਤਾ ਅਤੇ ਉਸਦੀ ਹੀ ਲਾਸਂਸੀ ਪਿਸਤੌਲ ਨਾਲ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕੀਤਾ। ਕਵਲਜੀਤ ਸਿੰਘ ਨੇ ਦੱਸਿਆ ਕਿ ਨਿਰਮਲਜੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਹ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਹੈ। ਕਵਲਜੀਤ ਸਿੰਘ ਨੇ ਪ੍ਰਸ਼ਾਸਨ ਪਾਸੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਵਾਰਦਾਤ ਮੌਕੇ ਪਹੁੰਚੇ ਥਾਣਾ ਖਾਲੜਾ ਦੇ ਐਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਨਾਰਲਾ ਵਿਖੇ ਦੋਵਾਂ ਧਿਰਾਂ ਵਿਚਾਲੇ ਗੋਲੀ ਚੱਲਣ ਦੀ ਸੂਚਨਾ ਮਿਲੀ। ਜਿਸ ਵਿੱਚ ਨਿਰਮਲਜੀਤ ਸਿੰਘ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਹੋਏ ਵਿਵਾਦ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।