Punjabi Truck Driver in USA: ਅਮਰੀਕੀ ਸਰਕਾਰ ਮੁਤਾਬਕ ਭਾਰਤੀ ਮੂਲ ਦਾ ਹਰਜਿੰਦਰ ਸਿੰਘ ਇੱਕ ਗੈਰ-ਕਾਨੂੰਨੀ ਪ੍ਰਵਾਸੀ ਹੈ। ਉਹ ਸਰਹੱਦ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਇਆ ਸੀ।
Truck Driver Harjinder Singh Arrested in America: ਪਿਛਲੇ ਹਫ਼ਤੇ ਅਮਰੀਕਾ ਦੇ ਫਲੋਰੀਡਾ ਦੇ ਸੇਂਟ ਲੂਸੀ ਕਾਉਂਟੀ ‘ਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਇੱਕ ਸੈਮੀ-ਟਰੱਕ ਡਰਾਈਵਰ ਨੇ ਹਾਈਵੇਅ ‘ਤੇ ਗਲਤ ਯੂ-ਟਰਨ ਲਿਆ, ਜਿਸ ਤੋਂ ਬਾਅਦ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ 12 ਅਗਸਤ ਨੂੰ ਹੋਇਆ ਸੀ।
ਟਰੱਕ ਡਰਾਈਵਰ ਦੀ ਪਛਾਣ ਭਾਰਤੀ ਮੂਲ ਦੇ ਹਰਜਿੰਦਰ ਸਿੰਘ ਵਜੋਂ ਹੋਈ, ਜੋ ਕਿ ਅਮਰੀਕੀ ਸਰਕਾਰ ਮੁਤਾਬਕ ਇੱਕ ਗੈਰ-ਕਾਨੂੰਨੀ ਪ੍ਰਵਾਸੀ ਹੈ। ਉਹ ਸਰਹੱਦ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਇਆ ਸੀ। ਇਸ ਹਾਦਸੇ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ। ਜਿਸ ਮਗਰੋਂ ਹਰਜਿੰਦਰ ਸਿੰਘ ਹੁਣ ਪੁਲਿਸ ਹਿਰਾਸਤ ‘ਚ ਹੈ। ਉਸ ‘ਤੇੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਹੈ।
ਸੀਐਮ ਮਾਨ ਤੋਂ ਮਦਦ ਦੀ ਅਪੀਲ
ਹਰਜਿੰਦਰ 2018 ਵਿੱਚ ਤਰਨਤਾਰਨ ਤੋਂ ਅਮਰੀਕਾ ਗਿਆ ਸੀ। ਅਮਰੀਕਾ ਵਿੱਚ ਹਾਦਸੇ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਲਈ ਮੁੱਖ ਮੰਤਰੀ ਤੋਂ ਮਦਦ ਮੰਗੀ ਗਈ ਹੈ। ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ, ਤਾਂ ਜੋ ਵਿਦੇਸ਼ ਮੰਤਰੀ ਰਾਹੀਂ ਅਮਰੀਕੀ ਸਰਕਾਰ ਨਾਲ ਸੰਪਰਕ ਕਰਕੇ ਹਰਜਿੰਦਰ ਨੂੰ ਇਨਸਾਫ਼ ਦਿਵਾਇਆ ਜਾ ਸਕੇ।
ਕੌਣ ਹੈ ਹਰਜਿੰਦਰ ਸਿੰਘ
ਤਰਨਤਾਰਨ ਦੇ ਪਿੰਡ ਰਟੌਲ ਦਾ ਨੌਜਵਾਨ ਹਰਜਿੰਦਰ ਸਿੰਘ (27) ਨੂੰ ਅਮਰੀਕਾ ਦੇ ਫਲੋਰੀਡਾ ਵਿੱਚ ਹੋਏ ਸੜਕ ਹਾਦਸੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲ ਹੀ ਵਿੱਚ, ਅਮਰੀਕਾ ਦੇ ਸ਼ਹਿਰ ਫਲੋਰੀਡਾ ਵਿੱਚ ਯੂ-ਟਰਨ ਲੈਂਦੇ ਸਮੇਂ ਇੱਕ ਟ੍ਰੇਲਰ ਇੱਕ ਕਾਰ ਨਾਲ ਟਕਰਾ ਗਿਆ।
ਕਾਰ ਵਿੱਚ ਸਵਾਰ ਤਿੰਨ ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਹਰਜਿੰਦਰ 2018 ਵਿੱਚ ਅਮਰੀਕਾ ਗਿਆ ਸੀ ਅਤੇ ਅਗਲੇ ਸਾਲ ਵਿਆਹ ਕਰਵਾਉਣ ਵਾਲਾ ਸੀ। ਉਸਦੇ ਪਿਤਾ ਦੀ 2022 ਵਿੱਚ ਕੋਰੋਨਾ ਕਾਰਨ ਮੌਤ ਹੋ ਗਈ ਸੀ ਤੇ ਉਹ ਉਸ ਸਮੇਂ ਭਾਰਤ ਨਹੀਂ ਆ ਸਕਿਆ।
ਉਸਦੀ ਬਜ਼ੁਰਗ ਮਾਂ ਵੀ ਬਿਮਾਰ ਹੈ। ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ‘ਤੇ ਬਹੁਤ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਹਾਦਸਾ ਜਾਣਬੁੱਝ ਕੇ ਨਹੀਂ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਤੇਜ਼ ਰਫ਼ਤਾਰ ਕਾਰਨ ਸੰਤੁਲਨ ਵਿਗੜ ਗਿਆ ਅਤੇ ਹਾਦਸਾ ਵਾਪਰਿਆ।
ਹਰਜਿੰਦਰ ਦੀ ਮਦਦ ਕਰਨ ਦੇ ਨਾਮ ‘ਤੇ ਲੋਕ ਕਰ ਰਹੇ ਪੈਸਾ ਇਕੱਠਾ
ਹਰਜਿੰਦਰ ਦੇ ਰਿਸ਼ਤੇਦਾਰ ਦਿਲਬਾਗ ਸਿੰਘ ਨੇ ਕਿਹਾ ਕਿ ਇਸ ਮਾਮਲੇ ਬਾਰੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਧੋਖੇਬਾਜ਼ ਹਰਜਿੰਦਰ ਦੀ ਮਦਦ ਕਰਨ ਦੇ ਨਾਮ ‘ਤੇ ਜਾਅਲੀ ਖਾਤੇ ਬਣਾ ਕੇ ਪੈਸੇ ਇਕੱਠੇ ਕਰ ਰਹੇ ਹਨ, ਜਿਸ ਕਾਰਨ ਪਰਿਵਾਰ ਪਰੇਸ਼ਾਨ ਹੈ।
ਪਰਿਵਾਰ ਨੇ ਅਮਰੀਕਾ ਵਿੱਚ ਇੱਕ ਵਕੀਲ ਨੂੰ ਰੱਖਿਆ ਹੈ, ਜਿਸਦਾ ਕਹਿਣਾ ਹੈ ਕਿ ਹਰਜਿੰਦਰ ਨੂੰ ਅਜੇ ਸਜ਼ਾ ਨਹੀਂ ਸੁਣਾਈ ਗਈ ਹੈ। ਇਸ ਮਾਮਲੇ ਦੀ ਸੁਣਵਾਈ 27 ਅਗਸਤ ਨੂੰ ਹੋਣੀ ਹੈ।