Kapurthala News: ਕੁਝ ਨੌਜਵਾਨਾਂ ਨੇ ਕਚਹਿਰੀ ਵਿੱਚ ਤਾਰੀਖ ਭੁਗਤਣ ਆਏ ਨੌਜਵਾਨ ‘ਤੇ ਹਮਲਾ ਕਰਦਿਆਂ ਉਸਦੇ ਦੋਸਤ ਦੀ ਗੱਡੀ ਦੇ ਸ਼ੀਸ਼ੇ ਤੋੜ ਕੇ ਚੱਕਨਾਚੂਰ ਕਰ ਦਿੱਤੇ ਗਏ।
Hooliganism Outside Court Complex: ਸੁਲਤਾਨਪੁਰ ਲੋਧੀ ‘ਚ ਆਏ ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਅੱਜ ਫਿਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਗੁੰਡਾਗਰਦੀ ਦੇਖਣ ਨੂੰ ਮਿਲੀ। ਜਿੱਥੇ ਐਸਡੀਐਮ ਦਫਤਰ ਅਤੇ ਕਚਹਿਰੀ ਕੰਪਲੈਕਸ ਯੁੱਧ ਦਾ ਮੈਦਾਨ ਬਣ ਗਿਆ। ਕੁਝ ਨੌਜਵਾਨਾਂ ਨੇ ਕਚਹਿਰੀ ਵਿੱਚ ਤਾਰੀਖ ਭੁਗਤਣ ਆਏ ਨੌਜਵਾਨ ‘ਤੇ ਹਮਲਾ ਕਰਦਿਆਂ ਉਸਦੇ ਦੋਸਤ ਦੀ ਗੱਡੀ ਦੇ ਸ਼ੀਸ਼ੇ ਤੋੜ ਕੇ ਚੱਕਨਾਚੂਰ ਕਰ ਦਿੱਤੇ ਗਏ।
ਘਟਨਾ ਵਾਪਰਦਿਆਂ ਹੀ ਕੰਪਲੈਕਸ ਅੰਦਰ ਹੜਕੰਪ ਮੱਚ ਗਿਆ। ਗੁੰਡਾਗਰਦੀ ਕਰਨ ਵਾਲੇ ਨੌਜਵਾਨਾਂ ਨੇ ਇੱਟਾਂ-ਰੋੜਿਆਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਗੱਡੀ ਦੇ ਸ਼ੀਸ਼ੇ ਤੋੜੇ ਗਏ। ਗੱਡੀ ‘ਚ ਮੌਜੂਦ ਨੌਜਵਾਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਉਧਰ ਮਾਮਲੇ ਨੂੰ ਲੈ ਕੇ ਗੱਡੀ ਚਾਲਕ ਨੌਜਵਾਨ ਗਗਨਦੀਪ ਸਿੰਘ ਪੁੱਤਰ ਬੇਅੰਤ ਸਿੰਘ ਨਿਵਾਸੀ ਗੁਰੂ ਨਾਨਕ ਨਗਰ ਸੁਲਤਾਨਪੁਰ ਲੋਧੀ ਨੇ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਤੇ ਉਸ ਦੇ ਪੁੱਤਰਾਂ ‘ਤੇ ਹਮਲੇ ਦੇ ਦੋਸ਼ ਲਗਾਏ। ਉਸ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਉਹ ਆਪਣੇ ਦੋਸਤ ਹਰਮਨ ਚੀਮਾ ਅਤੇ ਕਸ਼ਿਸ਼ ਨਾਲ ਕਚਹਿਰੀ ਉਨ੍ਹਾਂ ਦੀ ਤਰੀਕ ਭੁਗਤਨ ਆਇਆ ਸੀ। ਜਿੱਥੇ ਬਾਹਰ ਕੁਝ ਨੌਜਵਾਨ ਹਥਿਆਰਬੰਦ ਹੋ ਕੇ ਖੜੇ ਸੀ। ਜਦੋਂ ਉਹ ਕੰਪਲੈਕਸ ਚੋਂ ਵਾਪਸ ਬਾਹਰ ਗੱਡੀ ਕੱਢਣ ਲੱਗਿਆ ਤਾਂ ਉਕਤ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਤੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ।
ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਪਾਰਟੀ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਦਿੱਤੀ ਗਈ। ਪੁਲਿਸ ਮੁਤਾਬਕ ਬਿਆਨ ਹਾਸਿਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।
ਜ਼ਿਕਰਯੋਗ ਹੈ ਕਿ ਕੋਰਟ ਕੰਮਲੈਕਸ ਨੂੰ ਨਿਆ ਦਾ ਮੰਦਿਰ ਮੰਨਿਆ ਜਾਂਦਾ ਹੈ, ਆਪਣੇ ਹੱਕਾਂ ਦੀ ਰਾਖੀ ਲਈ ਹਰ ਮਜ਼ਲੂਮ ਨਿਆ ਦੀ ਪ੍ਰਾਪਤੀ ਕਰਦਾ ਹੈ। ਪਰ ਉਥੇ ਬਾਹਰ ਹੀ ਅਜਿਹੀ ਘਟਨਾ ਦਾ ਵਾਪਰਨਾ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ‘ਤੇ ਵੱਡੇ ਸਵਾਲ ਖੜੇ ਕਰਦਾ ਹੈ।