114-year-old Sheesh Mahal: ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਇਹ ਇਮਾਰਤ ਲਗਾਤਾਰ ਖਸਤਾ ਹੁੰਦੀ ਜਾ ਰਹੀ ਹੈ। ਤਾਜ਼ਾ ਬਰਸਾਤ ਨੇ ਇਸ ਦੀ ਹਾਲਤ ਹੋਰ ਵੀ ਬੱਤਰ ਕਰ ਦਿੱਤੀ ਹੈ।
Hoshiarpur’s 114-year-old Sheesh Mahal: ਹੁਸ਼ਿਆਰਪੁਰ ‘ਚ ਲਾਲਾ ਹੰਸ ਰਾਜ ਜੈਨ ਨੇ ਇਸ ਯਾਦਗਾਰ ਨੂੰ ਸਾਲ 1911 ਵਿਚ ਬਣਾਇਆ ਸੀ। 1911 ‘ਚ ਬਣਵਾਈ ਗਈ ਇਹ ਇੱਕ ਅਜਿਹੀ ਸ਼ਾਹਕਾਰ ਇਮਾਰਤ ਹੈ ਜੋ ਇੱਕ ਸਦੀ ਤੋਂ ਵੱਧ ਸਮੇਂ ਤੋਂ ਹੁਸ਼ਿਆਰਪੁਰ ਦੀ ਪਹਿਚਾਣ ਰਹੀ ਹੈ। ਇਸ ਤਿੰਨ ਮੰਜ਼ਿਲਾ ਇਮਾਰਤ ‘ਚ ਸ਼ੀਸ਼ੇ ਦੀ ਕਾਰੀਗਰੀ ਨਾਲ ਖੂਬਸੂਰਤ ਮੂਰਤਾਂ ਘੜੀਆਂ ਗਈਆਂ ਹਨ ਜਿਨ੍ਹਾਂ ਨੂੰ ਦੇਖਣ ਵਾਲਾ ਇਸ ਸ਼ਾਹਕਾਰ ਦੀ ਖੂਬਸੂਰਤੀ ‘ਚ ਗੁਆਚ ਜਾਂਦਾ।
ਪਰ ਹੁਣ ਇਹ ਮਹਿਲ ਖੰਡਰ ਬਣਦਾ ਜਾ ਰਿਹਾ ਹੈ। ਇਸ ਦੀ ਹੋਂਦ ‘ਤੇ ਖ਼ਤਰਾ ਮੰਡਰਾਉਂਦਾ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਹਾਲ ਹੀ ‘ਚ ਹੋਈ ਤੇਜ਼ ਬਰਸਾਤਾਂ ਦੌਰਾਨ ਜਿੱਥੇ ਸ਼ਹਿਰ ਦੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਸ਼ਹਿਰ ਦੇ ਪਹਿਚਾਣ ਮੰਨੇ ਜਾਣ ਵਾਲੇ ਸ਼ੀਸ਼ ਮਹਿਲ ਦੀ ਹੋਂਦ ਲਈ ਵੀ ਖ਼ਤਰਾ ਬਣ ਗਿਆ। ਤੇਜ਼ ਬਰਸਾਤ ਦੇ ਚਲਦਿਆਂ ਕਰੀਬ 114 ਸਾਲ ਪੁਰਾਣੀ ਇਮਾਰਤ ਦੀ ਪਹਿਲੀ ਮੰਜ਼ਿਲ ਦੀ ਦੀਵਾਰ ਨੂੰ ਨੁਕਸਾਨ ਪਹੁੰਚਿਆ ਤੇ ਇਸ ਦੇ ਕੁਝ ਹਿੱਸੇ ਚੋਂ ਇੱਟਾਂ ਢਹਿ ਗਈਆਂ।

ਖਸਤਾ ਹਾਲਤ ਕਰਕੇ ਆਸ ਪਾਸ ਦੀਆਂ ਦੁਕਾਨਾਂ ਨੂੰ ਖ਼ਤਰਾ
ਇਸ ਦੇ ਨਾਲ ਜਿੱਥੇ ਇਤਿਹਾਸ ਸਮਾਰਕ ਦੀ ਹੋਂਦ ‘ਤੇ ਖਤਰਾ ਮੰਡਰਾਉਂਦਾ ਦਿਖਾਈ ਦੇ ਰਿਹਾ ਹੈ ਉੱਥੇ ਹੀ ਭੀੜ ਭਰੇ ਤੰਗ ਸ਼ੀਸ਼ ਮਹਿਲ ਬਾਜ਼ਾਰ ਦੇ ਆਲ਼ੇ ਦੁਆਲੇ ਦੇ ਦੁਕਾਨਦਾਰਾਂ ਨੂੰ ਵੀ ਚਿੰਤਾ ਸਤਾਉਣ ਲੱਗਾ ਹੈ ਕਿਉਂਕਿ ਪੁਰਾਣੀ ਇਮਾਰਤ ਹੋਣ ਕਰਕੇ ਇਹ ਕਿਸੇ ਵੀ ਸਮੇਂ ਢੇਹ ਢੇਰੀ ਹੋ ਸਕਦੀ ਹੈ।
ਇਸ ਇਤਿਹਾਸਿਕ ਇਮਾਰਤ ‘ਤੇ ਖਤਰਾ ਮੰਡਰਾਉਂਦਾ ਦੇਖ ਸ਼ੀਸ਼ ਮਹਿਲ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਡਰ ਹੈ ਕਿ ਜੇਕਰ ਇਮਾਰਤ ਡਿੱਗ ਜਾਂਦੀ ਹੈ ਤਾਂ ਉਨ੍ਹਾਂ ਨੂੰ ਕਾਫੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਇਸ ਲਈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਮਾਰਤ ਦੀ ਹਾਲਤ ਨੂੰ ਵੇਖਦਿਆਂ ਇਸ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਦੁਕਾਨਦਾਰ ਆਪਣੇ ਮਾਲੀ ਨੁਕਸਾਨ ਤੋਂ ਬਚ ਸਕਣ।
ਜਾਣੋ ਇਸ ਮਹਿਲ ਦਾ ਇਤਿਹਾਸ
ਸ਼ੀਸ਼ ਮਹਿਲ ਦੀ ਪਹਿਲੀ ਮੰਜ਼ਿਲ ‘ਤੇ ਹਿੰਦੂ ਧਾਰਮਿਕ ਮੂਰਤੀਆਂ ਸਥਾਪਿਤ ਹਨ। ਜਿਨ੍ਹਾਂ ਨਾਲ ਸ਼ੀਸ਼ੇ ਦੀ ਨਕਾਸ਼ੀ ਕਰਕੇ ਖੂਬਸੂਰਤ ਦ੍ਰਿਸ਼ ਸਿਰਜੇ ਗਏ ਹਨ। ਸ਼ੀਸ਼ ਮਹਿਲ ਦੇ ਬਾਹਰ ਅੰਗਰੇਜ਼ ਦੀਵਾਨ ਅਤੇ ਸੈਨਿਕਾਂ ਦੀਆਂ ਮੂਰਤੀਆਂ ਘੜੀਆਂ ਗਈਆਂ ਹਨ ਤੇ ਪਹਿਲੀ ਮੰਜ਼ਿਲ ‘ਤੇ ਬ੍ਰਿਟੇਨ ਦੇ ਰਾਜਾ ਕਿੰਗ ਜਾਰਜ ਪੰਚਮ ਦੀ ਤਾਜਪੋਸ਼ੀ ਦਾ ਸ਼ਾਨਦਾਰ ਦ੍ਰਿਸ਼ ਸ਼ੀਸ਼ੇ ਜੜਤ ਮੂਰਤਾਂ ‘ਚ ਘੜਿਆ ਗਿਆ ਹੈ।

ਛੱਤ ‘ਤੇ ਸ਼ੀਸ਼ੇ ਦੀ ਸ਼ਾਨਦਾਰ ਕਾਰੀਗਰੀ ਕੀਤੀ ਗਈ ਹੈ। ਪਰੀਆਂ ਅਤੇ ਸਵਰਗ ਲੋਕ ਦੇ ਦ੍ਰਿਸ਼ ਵੀ ਰਚੇ ਗਏ ਹਨ। ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਇਹ ਇਮਾਰਤ ਲਗਾਤਾਰ ਖਸਤਾ ਹੁੰਦੀ ਜਾ ਰਹੀ ਹੈ। ਤਾਜ਼ਾ ਬਰਸਾਤ ਨੇ ਇਸ ਦੀ ਹਾਲਤ ਹੋਰ ਵੀ ਬੱਤਰ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੇ ਕਾਰਜ ਕਾਰ ਦੌਰਾਨ ਕਰੀਬ ਚਾਰ ਸਾਲ ਪਹਿਲਾਂ ਸ਼ੀਸ਼ ਮਹਿਲ ਦੀ ਇਤਿਹਾਸਿਕ ਦਰੋਹ ਨੂੰ ਬਚਾਉਣ ਲਈ ਇੱਕ ਕਰੋੜ ਰੁਪਏ ਖ਼ਰਚ ਕੇ ਰੈਸਟੋਰੇਸ਼ਨ ਪ੍ਰੋਜੈਕਟ ਬਣਾਏ ਜਾਣ ਦਾ ਤਤਕਾਲੀਨ ਵਿਧਾਇਕ ਤੇ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਦਾਅਵਾ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਲਈ ਫੰਡ ਵੀ ਜਾਰੀ ਹੋਣ ਦੀ ਗੱਲ ਕਹੀ ਗਈ ਸੀ ਪਰ ਇਹ ਪ੍ਰੋਜੈਕਟ ਅਜੇ ਤੱਕ ਨੇਪਰੇ ਨਹੀਂ ਚੜ ਸਕਿਆ।