Impact of Daily Post TV news: ਇਸ ਸਾਰੇ ਮਾਮਲੇ ਵਿੱਚ ਮਹਿਲਾ ਨਾਲ ਬਦਸਲੂਕੀ ਅਤੇ ਵੇਚਣ ਵਾਲੇ ਕੇਸ ਤੇ ਮਹਿਲਾ ਕਮਿਸ਼ਨ ਨੇ ਸੁਓ ਮੋਟੋ ਲਿਆ ਹੈ। ਤੇ ਜਲਦੀ ਪੀੜਤਾ ਨੂੰ ਮਿਲਣ ਦੀ ਗੱਲ ਕਹੀ ਹੈ।
Women’s Commission takes Suo Moto in Ferozepur Case: ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਨੁੱਖੀ ਤਸਕਰੀ ਦਾ ਘਿਨੌਣਾ ਮਾਮਲਾ ਸਾਹਮਣੇ ਆਇਆ। ਬੇਸ਼ੱਕ ਕਹਿਣ ਨੂੰ ਤਾਂ ਦੇਸ਼ 21ਵੀਂ ਸਦੀ ਵਿੱਚ ਪਹੁੰਚ ਗਿਆ ਅਤੇ ਲੋਕਾਂ ਨੇ ਵੀ ਕਿੰਨੀ ਹੀ ਤਰੱਕੀ ਕਰ ਲਈ ਹੋਵੇ ਪਰ ਅੱਜ ਵੀ ਕਈ ਲੋਕਾਂ ਦੀ ਸੋਚ ਅਜਿਹੀ ਹੈ ਕਿ ਕਿਸੇ ਨੂੰ ਵੀ ਜਾਣ ਕੇ ਖੁਦ ‘ਤੇ ਹੀ ਸ਼ਰਮ ਆ ਜਾਵੇ। ਮਾਮਲਾ ਹੈ ਫਿਰੋਜ਼ਪੁਰ ਦਾ ਜਿੱਥੇ ਔਰਤ ਨੂੰ ਖਿਡਾਉਣੇ ਦੀ ਤਰ੍ਹਾਂ ਖਰੀਦਿਆ ਤੇ ਵੇਚਿਆ ਗਿਆ। ਉਸ ਤੋਂ ਬੰਦੂਆ ਮਜ਼ਦੂਰ ਦੀ ਤਰ੍ਹਾਂ ਕੰਮ ਕਰਵਾਉਂਦੇ ਰਹੇ ਅਤੇ ਉਸ ਦਾ ਸਰੀਰਿਕ ਸ਼ੋਸ਼ਣ ਕਰਦੇ ਰਹੇ।
ਇਹ ਤਸ਼ਦੱਦ ਇੱਥੇ ਹੀ ਖ਼ਤਮ ਨਹੀਂ ਹੁੰਦਾ ਪੀੜਤ ਔਰਤ ਨੂੰ ਇੱਕ-ਦੋ ਨਹੀਂ ਸਗੋਂ ਪੰਜਾਬ ਤੋਂ ਰਾਜਸਥਾਨ ਤੱਕ ਵੱਖ-ਵੱਖ ਥਾਵਾਂ ‘ਤੇ ਵੇਚਣ ਦੇ ਦੋਸ਼ ਲੱਗੇ ਹਨ। ਆਖਿਰਕਾਰ ਗੁਰਦੁਆਰੇ ਵਾਲਿਆਂ ਨੇ ਮਹਿਲਾ ਨੂੰ ਮਨੁੱਖੀ ਤਸਕਰਾਂ ਦੇ ਚੁੰਗਲ ਚੋਂ ਛੁਡਵਾਇਆ। ਸਿੱਖ ਜਥੇਬੰਦੀਆਂ ਵੱਲੋਂ ਮਹਿਲਾ ਦੀ ਮਦਦ ਕੀਤੀ ਗਈ ਅਤੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾ ਆਰੋਪੀਆਂ ਖਿਲਾਫ ਮੁਕਦਮਾ ਦਰਜ ਕਿਰਾਇਆ ਗਿਆ।
ਜਾਣੋ ਪੂਰਾ ਮਾਮਲਾ
ਮਨੁੱਖ ਤਸਕਰੀ ਵਰਗੇ ਮਾਮਲੇ ਅਜੇ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਇਹ ਰੂਹ ਨੂੰ ਕੰਬਾ ਕੇ ਰੱਖ ਦੇਣ ਵਾਲਾ ਮਾਮਲਾ ਫਿਰੋਜ਼ਪੁਰ ਦਾ ਹੈ। ਹਾਸਲ ਜਾਣਕਾਰੀ ਅਨੁਸਾਰ ਜਲੰਧਰ ਦੀ ਰਹਿਣ ਵਾਲੀ ਰਮਨਦੀਪ ਕੌਰ ਦੀ ਸ਼ਾਦੀ ਸ਼ਾਹਕੋਟ ਵਿੱਖੇ ਇੱਕ ਆਟੋ ਰਿਕਸ਼ਾ ਚਾਲਕ ਨਾਲ ਹੋਈ ਸੀ। ਜਿਸ ਤੋਂ ਰਮਨਦੀਪ ਕੌਰ ਨੂੰ ਇੱਕ ਬੇਟੀ ਪੈਦਾ ਹੋਈ, ਤੇ ਉਸਦੇ ਪਤੀ ਨੇ ਇੱਕ ਹੋਰ ਮਹਿਲਾ ਨਾਲ ਵਿਆਹ ਕਰਵਾ ਲਿਆ ਅਤੇ ਰਮਨਦੀਪ ਕੌਰ ਅਤੇ ਉਸ ਦੀ ਬੇਟੀ ਨੂੰ ਘਰੋਂ ਕੱਢ ਦਿੱਤਾ। ਘਰੋਂ ਕੱਢੇ ਜਾਣ ਤੋਂ ਬਾਅਦ ਰਮਨਦੀਪ ਆਪਣੇ ਪੇਕੇ ਚਲੀ ਗਈ, ਪਰ ਕਿਸਮਤ ਨੇ ਉਸਨੂੰ ਹੋਰ ਧੋਖਾ ਦਿੱਤਾ, ਉਸਦੇ ਮਾਤਾ ਪਿਤਾ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਏ। ਜਿਸ ਤੋਂ ਬਾਅਦ ਉਸਦੇ ਭਰਾਵਾਂ ਨੇ ਉਸ ਨੂੰ ਪਹਿਲਾ ਘਰ ਵਿੱਚ ਰੱਖਣ ਬਦਲੇ ਘਰ ਦਾ ਸਾਰਾ ਕੰਮ ਕਰਵਾਉਂਦੇ ਤੇ ਨੌਕਰਾਂ ਵਰਗਾ ਸਲੂਕ ਕਰਦੇ।
ਇਸ ਮਗਰੋਂ ਕੁਝ ਸਮੇਂ ਬਾਅਦ ਰਮਨਦੀਪ ਕੌਰ ਦੇ ਚਚੇਰੇ ਭਰਾ ਨੇ ਹੀ ਉਸਦਾ ਸੌਦਾ ਕਰ ਦਿੱਤਾ ਅਤੇ ਉਸਨੂੰ ਰਾਜਸਥਾਨ ਵਿਖੇ ਇੱਕ ਮਹਿਲਾ ਨੂੰ ਵੇਚ ਦਿੱਤਾ। ਉੱਥੇ ਰਮਨਦੀਪ ਕੋਲੋਂ ਬਕਰੀਆਂ ਚਰਵਾਉਣ ਦਾ ਅਤੇ ਘਰ ਦਾ ਕੰਮ ਕਰਾਇਆ ਜਾਂਦਾ। ਨਾਲ ਹੀ ਉਸਦਾ ਜਿਸਮਾਨੀ ਸੌਦਾ ਵੀ ਕੀਤਾ ਜਾਂਦਾ ਤੇ ਉਹ ਕਿਤੇ ਭੱਜ ਨਾ ਜਾਵੇ ਉਸ ਨੂੰ ਸੰਗਲਾਂ ਨਾਲ ਬੰਨ ਕੇ ਰੱਖਿਆ ਜਾਂਦਾ। ਜਦੋਂ ਰਾਜਸਥਾਨ ਦੇ ਦਲਾਲਾਂ ਨੇ ਉਸ ਤੋਂ ਪੈਸੇ ਕਮਾ ਲਏ ਤਾਂ ਫਿਰ ਉਸਨੂੰ ਫਿਰੋਜ਼ਪੁਰ ਵਿੱਚ ਇਕ ਮਹਿਲਾ ਕੋਲ ਵੇਚ ਦਿੱਤਾ ਉਕਤ ਮਹਿਲਾ ਨੇ ਰਮਨਦੀਪ ਕੌਰ ਨੂੰ ਆਪਣੀ ਮਾਂ ਕੋਲ ਛੱਡ ਦਿੱਤਾ। ਜਿਥੇ ਉਹ ਘਰ ਦਾ ਸਾਰਾ ਕੰਮ ਕਰਦੀ ਤੇ ਉਸ ਦੀ ਸੇਵਾ ਕਰਦੀ।
ਮਨੁੱਖੀ ਲਾਲਚ ਇੱਥੇ ਵੀ ਨਹੀਂ ਰੁਕਿਆ ਤਾਂ ਉਸਨੇ ਰਮਨਦੀਪ ਕੌਰ ਨੂੰ ਅੱਗੇ ਤੀਜੀ ਥਾਂ 80 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ। ਕੁਝ ਸਮਾਂ ਉੱਥੇ ਬੀਤਣ ਤੋਂ ਬਾਅਦ ਰਮਨਦੀਪ ਕੌਰ ਨੂੰ 7000 ਰੁਪਏ ਵਿੱਚ ਨਾਰਾਇਣਗੜ੍ਹ ਵਿੱਚ ਇੱਕ ਪਰਿਵਾਰ ਨੂੰ ਵੇਚ ਦਿੱਤਾ ਗਿਆ ਪਰ ਰਮਨਦੀਪ ਕੌਰ ਕਿਸੇ ਤਰ੍ਹਾਂ ਹੌਂਸਲਾ ਕਰਕੇ ਗੁਰਦੁਆਰਾ ਸਾਹਿਬ ਦੇ ਪਾਠੀ ਕੋਲ ਗੁਰਦੁਆਰੇ ਪਹੁੰਚ ਗਈ। ਜਦੋਂ ਪਾਠੀ ਆਪਣੇ ਘਰ ਪੀੜਤਾ ਨੂੰ ਲੈ ਆਇਆ ਤਾਂ ਖਰੀਦਣ ਵਾਲੇ ਉਸ ਦੇ ਘਰ ਆਉਣੇ ਸ਼ੁਰੂ ਹੋ ਗਏ ਕਿ ਇਹ ਮਹਿਲਾ ਨੂੰ ਉਹ ਖਰੀਦ ਕੇ ਲਿਆਏ ਸੀ ਤਾਂ ਉਸਨੂੰ ਜਬਰੀ ਆਪਣੇ ਘਰ ਲੈ ਜਾਂਦੇ। ਇਹ ਸਿਲਸਿਲਾ ਕਈ ਦਿਨ ਤੱਕ ਚਲਦਾ ਰਿਹਾ ਤਾਂ ਪਾਠੀ ਵੱਲੋਂ ਮਾਮਲਾ ਸਿੱਖ ਜਥੇਬੰਦੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨ੍ਹਾਂ ਨੇ ਰਮਨਦੀਪ ਕੌਰ ਨੂੰ ਹੌਂਸਲਾ ਦੇ ਕੇ ਉਨ੍ਹਾਂ ਦੇ ਚੁੰਗਲ ਚੋਂ ਛੁਡਾਇਆ ਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।
ਇਸ ਦੇ ਨਾਲ ਹੀ ਹੁਣ ਇਸ ਸਾਰੇ ਮਾਮਲੇ ਵਿੱਚ ਮਹਿਲਾ ਨਾਲ ਬਦਸਲੂਕੀ ਅਤੇ ਵੇਚਣ ਵਾਲੇ ਕੇਸ ਤੇ ਮਹਿਲਾ ਕਮਿਸ਼ਨ ਨੇ ਸੁਓ ਮੋਟੋ ਲਿਆ ਹੈ। ਨਾਲ ਹੀ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਉਹ ਜਲਦੀ ਪੀੜਤਾ ਨੂੰ ਮਿਲਣ ਫ਼ਿਰੋਜ਼ਪੁਰ ਜਾਣਗੇ।