World Championship Of Legends 2025: India Legends ਤੇ Pakistan Legends ਵਿਚਕਾਰ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ ਹੈ। ਹਰਭਜਨ ਸਿੰਘ, ਸ਼ਿਖਰ ਧਵਨ, ਸੁਰੇਸ਼ ਰੈਨਾ ਤੇ ਯੂਸਫ਼ ਪਠਾਨ ਵਰਗੇ ਕਈ ਪ੍ਰਮੁੱਖ ਭਾਰਤੀ ਕ੍ਰਿਕਟਰਾਂ ਨੇ ਮੈਚ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ।
India-Pak match Cancelled, WCL: ਵਰਲਡ ਚੈਂਪੀਅਨਸ਼ਿਪ ਆਫ ਲੈਜੇਂਡਸ 2025 (WCL) ‘ਚ ਐਤਵਾਰ 20 ਜੁਲਾਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ ਹੈ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਆਪ੍ਰੇਸ਼ਨ ਸਿੰਦੂਰ ਕੀਤਾ ਅਤੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਸ ਤੋਂ ਬਾਅਦ, ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਿਆ ਸੀ। ਭਾਵੇਂ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਹੋਈ ਹੈ, ਪਰ ਤਣਾਅ ਅਜੇ ਵੀ ਬਣਿਆ ਹੋਇਆ ਹੈ। ਫ਼ਿਲਮਾਂ ਤੋਂ ਬਾਅਦ ਇਸਦਾ ਪ੍ਰਭਾਵ ਖੇਡਾਂ ‘ਤੇ ਵੀ ਦੇਖਿਆ ਗਿਆ।
ਲੰਡਨ ਵਿੱਚ ਹੋ ਰਹੇ WCL 2025 ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਰੱਦ ਕਰਨ ਤੋਂ ਬਾਅਦ, WCL ਨੇ ਇੱਕ ਵੱਡਾ ਬਿਆਨ ਦਿੱਤਾ ਹੈ ਅਤੇ ਫੈਨਸ ਤੋਂ ਮੁਆਫੀ ਮੰਗੀ ਹੈ। ਦੱਸ ਦਈਏ ਕਿ ਇਹ ਮੈਚ ਬਰਮਿੰਘਮ ਦੇ ਐਜਬੈਸਟਨ ਵਿਖੇ ਖੇਡਿਆ ਜਾਣਾ ਸੀ, ਪਰ ਭਾਰਤੀ ਖਿਡਾਰੀਆਂ ਨੇ ਪਾਕਿਸਤਾਨ ਨਾਲ ਖੇਡਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਹੁਣ ਮੈਚ ਰੱਦ ਕਰ ਦਿੱਤਾ ਗਿਆ ਹੈ। ਇਸ ਮੈਚ ਨੂੰ ਰੱਦ ਕਰਨ ਦੀ ਜਾਣਕਾਰੀ WCL ਅਤੇ ਐਜਬੈਸਟਨ ਸਟੇਡੀਅਮ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।
WCL ਨੇ ਮੰਗੀ ਮੁਆਫ਼ੀ
ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਰੱਦ ਹੋਣ ਤੋਂ ਬਾਅਦ, ਇਸ ਨੇ ਅਧਿਕਾਰਤ ਸੋਸ਼ਲ ਮੀਡੀਆ ਪੇਜ ‘ਤੇ ਭਾਰਤ ਦੇ ਮਹਾਨ ਕ੍ਰਿਕਟਰਾਂ ਅਤੇ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਲਿਖਿਆ, “WCL ‘ਤੇ ਅਸੀਂ ਹਮੇਸ਼ਾ ਕ੍ਰਿਕਟ ਦੀ ਕਦਰ ਕੀਤੀ ਹੈ ਅਤੇ ਪਿਆਰ ਕੀਤਾ ਹੈ। ਸਾਡਾ ਮਕਸਦ ਸਿਰਫ ਫੈਨਸ ਨੂੰ ਖੁਸ਼ੀ ਦੇ ਪਲ ਦੇਣਾ ਹੈ”।
WCL ਨੇ ਅੱਗੇ ਲਿਖਿਆ, “ਇਸ ਤੋਂ ਵੱਧ, ਅਸੀਂ ਅਣਜਾਣੇ ਵਿੱਚ ਆਪਣੇ ਭਾਰਤੀ ਕ੍ਰਿਕਟ ਦਿੱਗਜਾਂ ਨੂੰ ਅਸੁਵਿਧਾ ਦਿੱਤੀ ਜਿਨ੍ਹਾਂ ਨੇ ਦੇਸ਼ ਲਈ ਮਾਣ ਵਧਾਇਆ ਹੈ ਅਤੇ ਅਸੀਂ ਉਨ੍ਹਾਂ ਬ੍ਰਾਂਡਾਂ ਨੂੰ ਵੀ ਪ੍ਰਭਾਵਿਤ ਕੀਤਾ ਜਿਨ੍ਹਾਂ ਨੇ ਸਾਡਾ ਸਮਰਥਨ ਕੀਤਾ ਹੈ। ਇਸ ਲਈ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ ਹੈ। ਅਸੀਂ ਇੱਕ ਵਾਰ ਫਿਰ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਦਿਲੋਂ ਮੁਆਫ਼ੀ ਮੰਗਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਲੋਕ ਸਮਝਣਗੇ ਕਿ ਅਸੀਂ ਪ੍ਰਸ਼ੰਸਕਾਂ ਲਈ ਕੁਝ ਖੁਸ਼ੀ ਦੇ ਪਲ ਲਿਆਉਣਾ ਚਾਹੁੰਦੇ ਸੀ”।
ਇਨ੍ਹਾਂ ਭਾਰਤੀ ਖਿਡਾਰੀਆਂ ਨੇ ਕੀਤਾ ਸੀ ਮੈਚ ਖੇਡਣ ਤੋਂ ਇਨਕਾਰ
ਸ਼ਿਖਰ ਧਵਨ ਨੇ ਇਸ ਮਾਮਲੇ ਵਿੱਚ X ‘ਤੇ ਵੀ ਪੋਸਟ ਕੀਤੀ। ਉਨ੍ਹਾਂ ਨੇ ਆਪਣੀ ਈ-ਮੇਲ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ ਅਤੇ ਲਿਖਿਆ ਕਿ ਦੇਸ਼ ਉਸਦੇ ਲਈ ਸਭ ਕੁਝ ਹੈ। ਭਾਰਤੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀ X ‘ਤੇ ਇਸ ਮੈਚ ਬਾਰੇ ਗੁੱਸਾ ਜ਼ਾਹਰ ਕੀਤਾ। ਉਸਨੇ ਲਿਖਿਆ, ਮੈਂ ਅਜੇ ਵੀ 11 ਮਈ ਨੂੰ ਚੁੱਕੇ ਗਏ ਕਦਮ ‘ਤੇ ਖੜ੍ਹਾ ਹਾਂ। ਮੇਰਾ ਦੇਸ਼ ਮੇਰੇ ਲਈ ਸਭ ਕੁਝ ਹੈ ਅਤੇ ਦੇਸ਼ ਤੋਂ ਵੱਡਾ ਕੁਝ ਵੀ ਨਹੀਂ ਹੈ। ਜੈ ਹਿੰਦ।
WCL 2025 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਰੱਦ ਕਰਨ ਦਾ ਕਾਰਨ ਇਸ ਮੈਚ ਤੋਂ ਪੰਜ ਭਾਰਤੀ ਖਿਡਾਰੀਆਂ ਨੂੰ ਵਾਪਸ ਲੈਣਾ ਸੀ। ਪਹਿਲਗਾਮ ਹਮਲੇ ਦੇ ਵਿਰੋਧ ਵਿੱਚ, ਹਰਭਜਨ ਸਿੰਘ, ਸ਼ਿਖਰ ਧਵਨ, ਇਰਫਾਨ ਪਠਾਨ, ਯੂਸਫ਼ ਪਠਾਨ ਅਤੇ ਸੁਰੇਸ਼ ਰੈਨਾ ਨੇ ਪਾਕਿਸਤਾਨ ਵਿਰੁੱਧ ਮੈਚ ਨਾ ਖੇਡਣ ਦਾ ਫੈਸਲਾ ਕੀਤਾ ਹੈ। ਜਿਸ ਤੋਂ ਬਾਅਦ WCL ਨੇ ਇਸ ਮੈਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ।