ਮੰਗਲਵਾਰ ਨੂੰ ਸਵੇਰ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਰੁਕ-ਰੁਕ ਪੈਂਦੇ ਮੀਂਹ ਨੇ ਫਿਰ ਮਾਨਸਾ ਸ਼ਹਿਰ ਨੂੰ ਜਲਥਲ ਕਰ ਦਿੱਤਾ। ਗਲੀਆਂ ਨਾਲੀਆਂ, ਰਾਹ, ਰਸਤੇ ਪਾਣੀ ’ਚ ਘਿਰ ਗਏ ਅਤੇ ਮੀਂਹ ਦੇ ਪਾਣੀ ਨਾਲ ਆਮ ਜਨ ਜੀਵਨ ਅਤੇ ਬਾਜ਼ਾਰਾਂ ਦਾ ਕਾਰੋਬਾਰ ਵੀ ਠੱਪ ਰਿਹਾ। ਬਹੁਤੀਆਂ ਦੁਕਾਨਾਂ ਵੀ ਬੰਦ ਰਹੀਆਂ। ਬੱਸ ਅੱਡਾ ਚੌਂਕ ’ਚ ਭਰੇ ਪਾਣੀ ਨੇ ਛੱਪੜ ਦਾ ਰੂਪ ਧਾਰ ਲਿਆ। ਕੁੱਝ ਵਾਰਡਾਂ ਅੰਦਰ ਨਗਰ ਕੌਂਸਲ ਵੱਲੋਂ ਪਾਣੀ ਕੱਢਣ ਦੀ ਚਲਾਈ ਮੁਹਿੰਮ ਵੀ ਮੀਂਹ ਦੀ ਭੇਂਟ ਚੜ੍ਹ ਗਈ ਅਤੇ ਇਹ ਕੰਮ ਵੀ ਨਾ ਹੋ ਸਕਿਆ।
ਸ਼ਹਿਰ ਦਾ ਸਿਨੇਮਾ ਰੋਡ, ਵਾਰਡ ਨੰਬਰ-7 ਅਤੇ 8 ਤੋਂ ਇਲਾਵਾ ਅੰਡਰ ਬ੍ਰਿਜ, ਬਾਬਾ ਭਾਈ ਗੁਰਦਾਸ ਰੋਡ ਆਦਿ ਸੜਕਾਂ ਵੀ ਪਾਣੀ ਨਾਲ ਭਰ ਗਈਆਂ, ਜਿਸ ਨਾਲ ਅਵਾਜਾਈ ਵੀ ਪ੍ਰਭਾਵਿਤ ਹੋਈ। ਅੰਡਰਬ੍ਰਿਜ ਵਿਚ ਪਾਣੀ ਭਰਨ ਨਾਲ ਅਤੇ ਰੇਲਵੇ ਫਾਟਕ ਜ਼ਿਆਦਾ ਸਮਾ ਬੰਦ ਰਹਿਣ ਕਾਰਨ ਟ੍ਰੈਫਿਕ ਨੂੰ ਲੈ ਕੇ ਵੀ ਸਮੱਸਿਆਵਾਂ ਵਧ ਰਹੀਆਂ ਹਨ। ਸ਼ਹਿਰ ਦੇ ਦੋਵੇਂ ਪਾਸੇ ਫਾਟਕ ਲੰਘਣ ਵਾਲੇ ਲੋਕ ਘੰਟਿਆਂ ਬੱਧੀ ਟ੍ਰੈਫਿਕ ਵਿਚ ਫਸੇ ਰਹਿੰਦੇ ਹਨ। ਆਸੇ ਪਾਸੇ ਦੀਆਂ ਗਲੀਆਂ, ਸੜਕਾਂ ਪਾਣੀ ਨਾਲ ਭਰਨ ਨਾਲ ਰੇਲਵੇ ਫਾਟਕ ਤੇ ਸ਼ਹਿਰ ਦੇ ਦੋਵੇਂ ਪਾਸੇ ਆਉਣ ਲਈ ਸਾਰੇ ਰਸਤੇ ਬੰਦ ਪਏ ਹਨ।
ਸ਼ਹਿਰ ਵਾਸੀ ਸਾਬਕਾ ਕੌਂਸਲਰ ਸ਼ਿਵਚਰਨ ਸੂਚਨ, ਹਰਪਾਲ ਸਿੰਘ ਪਾਲੀ, ਆਤਮਾ ਸਿੰਘ ਪਮਾਰ ਆਦਿ ਦਾ ਕਹਿਣਾ ਹੈ ਕਿ ਸ਼ਹਿਰ ਦੀ ਪਾਣੀ ਦੀ ਨਿਕਾਸੀ ਨਾ ਹੋਣਾ ਗੰਭੀਰ ਸਮੱਸਿਆ ਬਣ ਗਈ ਹੈ। ਜਿਸ ਕਰ ਕੇ ਮੀਂਹ ਨਾਲ ਅਵਾਜਾਈ ਠੱਪ ਹੋਣ ਤੋਂ ਇਲਾਵਾ ਲੋਕਾਂ ਦੇ ਕਾਰੋਬਾਰ ਵੀ ਪਾਣੀ ਦੀ ਭੇਟ ਚੜ੍ਹ ਗਏ ਹਨ। ਉਧਰ ਸਮਾਜ ਸੇਵੀ ਸੰਦੀਪ ਕੁਮਾਰ ਭਾਠਲਾ ਨੇ ਸ਼ਹਿਰੀਆਂ ਤੋਂ ਸਮੱਸਿਆਵਾਂ ਸਬੰਧੀ ਅਧਿਕਾਰੀਆਂ ਨੂੰ ਕੀਤੀਆਂ ਗਈਆਂ ਸ਼ਿਕਾਇਤਾਂ, ਅਰਜੀਆਂ ਉਨ੍ਹਾਂ ਨੂੰ ਭੇਜਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀਆਂ, ਉਚ ਅਧਿਕਾਰੀਆਂ ਨੂੰ ਮਾਨਸਾ ਦੇ ਮੌਜੂਦਾ ਸਥਿਤੀ ਦੇ ਹਾਲਾਤਾਂ ਤੋਂ ਜਾਣੂੰ ਕਰਵਾਉਣਗੇ।