Punjab News: ਪੰਜਾਬ ਵਿਚ ਰਾਜ ਚੋਣ ਕਮਿਸ਼ਨ ਵਲੋਂ ਕਰਵਾਈਆਂ ਗਈਆਂ ਪੰਚਾਇਤੀ ਉਪ ਚੋਣਾਂ ਵਿਚ ਬਲਾਕ ਬਠਿੰਡਾ ਦੇ ਪਿੰਡ ਦਿਉਣ ਵਿਖੇ ਗ੍ਰਾਮ ਪੰਚ ਦੀ ਚੋਣ ਅਮਨ ਸ਼ਾਂਤੀ ਨਾਲ ਮੁਕੰਮਲ ਹੋ ਗਈ ਹੈ। ਜਿੱਥੇ ਪਿੰਡ ਦਿਉਣ ਦੇ ਇਸਤਰੀ ਵਾਰਡ ਨੰਬਰ 2 ਵਿਚ ਕਰਮਜੀਤ ਕੌਰ ਪਤਨੀ ਮੇਜਰ ਸਿੰਘ ਅਤੇ ਅਮਨਦੀਪ ਕੌਰ ਪਤਨੀ ਪਰਗਟ ਸਿੰਘ ਦੇ ਵਿਚਕਾਰ ਮੁੱਖ ਮੁਕਾਬਲਾ ਸੀ। ਜਿੱਥੇ ਉਪ-ਚੋਣ ਵਿਚ ਕਰਮਜੀਤ ਕੌਰ 139 ਵੋਟਾਂ ਲੈ ਕੇ ਪੰਚ ਦੀ ਚੋਣ ਜਿੱਤ ਗਏ ਹਨ। ਜਿਸ ਨਾਲ ਪਿੰਡ ਦਿਉਣ ਦੀ ਗ੍ਰਾਮ ਪੰਚਾਇਤ ਵਿਚ ਇਕ ਨਵਾਂ ਪੰਚ ਹੋਰ ਜੁੜ ਗਿਆ ਹੈ। ਦਿਉਣ ਗ੍ਰਾਮ ਪੰਚਾਇਤ ਵਿਚ ਪੰਚਾਂ ਦੀ ਗਿਣਤੀ ਪੂਰੀ 11 ਹੋ ਗਈ ਹੈ।
ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਗੁਰਦੇਵ ਸਿੰਘ ਨੇ ਦੱਸਿਆ ਕਿ ਵਾਰਡ ਨੰੰਬਰ 2 ਦੇ ਪੰਚ ਦੇ ਖਾਲੀ ਪਦ ਨੂੰ ਲੈ ਕੇ ਪੰਚੀ ਦੇ ਉਮੀਦਵਾਰ ਕਰਮਜੀਤ ਕੌਰ ਪਤਨੀ ਮੇਜਰ ਸਿੰਘ ‘ਤੇ ਸਰਬਸੰਮਤੀ ਨਾਲ ਸਹਿਮਤੀ ਬਣ ਗਈ ਸੀ, ਪਰ ਇਸ ਮੌਕੇ ਨਾਮਜ਼ਦਗੀ ਕਾਗ਼ਜ਼ ਵਾਪਸ ਲੈਣ ਦੀ ਤਰੀਕ ਦਾ ਸਮਾਂ ਲੰਘ ਗਿਆ ਸੀ। ਜਿਸ ਕਾਰਨ ਪੰਚ ਦੀ ਲਈ ਉਪ-ਚੋਣ ਦੀ ਪ੍ਰਕਿਰਿਆ ਵਿਚ ਦੀ ਲੰਘਣਾ ਪਿਆ ਹੈ। ਉਧਰ ਅੱਜ 27 ਜੁਲਾਈ (ਐਤਵਾਰ) ਨੂੰ ਸਵੇਰੇ 08.00 ਵਜੇ ਤੋਂ ਸ਼ਾਮ 04.00 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਰਾਹੀਂ ਵੋਟਿੰਗ ਅਮਨ ਸ਼ਾਂਤੀ ਨਾਲ ਹੋਈ।