Amit Shah to visit Prayagraj: ਮਹਾਕੁੰਭ ਮੀਡੀਆ ਸੈਂਟਰ ਤੋਂ ਜਾਰੀ ਇੱਕ ਰਿਲੀਜ਼ ਮੁਤਾਬਕ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੋਮਵਾਰ ਨੂੰ ਪ੍ਰਯਾਗਰਾਜ ਦੇ ਇੱਕ ਦਿਨ ਦੇ ਦੌਰੇ ‘ਤੇ ਜਾਣਗੇ ਤੇ ਮਹਾਕੁੰਭ ਮੇਲਾ 2025 ਵਿੱਚ ਹਿੱਸਾ ਲੈਣਗੇ।
ਖ਼ਬਰਾਂ ਮੁਤਾਬਕ ਸ਼ਾਹ ਸੋਮਵਾਰ ਨੂੰ ਸਵੇਰੇ 11:25 ਵਜੇ ਪ੍ਰਯਾਗਰਾਜ ਪਹੁੰਚਣ ਵਾਲੇ ਹਨ, ਜਿਸ ਤੋਂ ਬਾਅਦ ਉਹ ਤ੍ਰਿਵੇਣੀ ਸੰਗਮ ‘ਚ ਪਵਿੱਤਰ ਇਸ਼ਨਾਨ ਕਰਨਗੇ। ਫਿਰ ਉਹ ਵੱਡੇ ਹਨੂੰਮਾਨ ਜੀ ਮੰਦਰ ਅਤੇ ਅਭੈਵਤ ਦੇ ਦਰਸ਼ਨ ਕਰਨਗੇ।
ਬਾਅਦ ਵਿੱਚ, ਮੰਤਰੀ ਜੂਨਾ ਅਖਾੜਾ ਜਾਣਗੇ, ਜਿੱਥੇ ਉਹ ਮਹਾਰਾਜ ਤੇ ਅਖਾੜੇ ਦੇ ਹੋਰ ਸੰਤਾਂ ਨੂੰ ਮਿਲਣਗੇ ਤੇ ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਖਾਣਗੇ। ਉਨ੍ਹਾਂ ਦੇ ਸ਼ਡਿਊਲ ‘ਚ ਗੁਰੂ ਸ਼ਰਨਾਨੰਦ ਜੀ ਦੇ ਆਸ਼ਰਮ ਦੇ ਦੌਰੇ ਵੀ ਸ਼ਾਮਲ ਹਨ, ਜਿੱਥੇ ਉਹ ਗੁਰੂ ਸ਼ਰਨਾਨੰਦ ਜੀ ਅਤੇ ਗੋਵਿੰਦ ਗਿਰੀ ਜੀ ਮਹਾਰਾਜ ਨੂੰ ਮਿਲਣਗੇ, ਅਤੇ ਆਪਣੀ ਫੇਰੀ ਨੂੰ ਸ਼੍ਰਿੰਗੇਰੀ, ਪੁਰੀ ਅਤੇ ਦੁਆਰਕਾ ਦੇ ਸ਼ੰਕਰਾਚਾਰੀਆ ਨਾਲ ਮੁਲਾਕਾਤ ਨਾਲ ਸਮਾਪਤ ਕਰਨਗੇ।
ਗ੍ਰਹਿ ਮੰਤਰੀ ਸ਼ਾਮ ਨੂੰ ਪ੍ਰਯਾਗਰਾਜ ਤੋਂ ਦਿੱਲੀ ਲਈ ਰਵਾਨਾ ਹੋਣਗੇ। ਜ਼ਿਕਰਯੋਗ ਹੈ ਕਿ, ਮਹਾਕੁੰਭ ਮੀਡੀਆ ਸੈਂਟਰ ਨੇ ਐਲਾਨ ਕੀਤਾ ਹੈ ਕਿ 25 ਜਨਵਰੀ ਤੋਂ 3 ਫਰਵਰੀ ਤੱਕ ਮਹਾਕੁੰਭ ਖੇਤਰ ਵਿੱਚ ਵਾਹਨ ਪਾਸ ਅਵੈਧ ਹੋਣਗੇ, ਜਨਤਕ ਸੁਰੱਖਿਆ ਅਤੇ ਭੀੜ ਪ੍ਰਬੰਧਨ ਲਈ ਇਸ ਖੇਤਰ ਨੂੰ “ਨੋ ਵਹੀਕਲ ਜ਼ੋਨ” ਐਲਾਨ ਕੀਤਾ ਗਿਆ ਹੈ।
13 ਜਨਵਰੀ ਨੂੰ ਸ਼ੁਰੂ ਹੋਇਆ ਇਹ ਮਹਾਕੁੰਭ 26 ਫਰਵਰੀ ਤੱਕ ਜਾਰੀ ਰਹੇਗਾ। ਅਗਲੀਆਂ ਮੁੱਖ ਇਸ਼ਨਾਨ ਤਾਰੀਖਾਂ ਵਿੱਚ 29 ਜਨਵਰੀ (ਮੌਨੀ ਅਮਾਵਸਿਆ – ਦੂਜਾ ਸ਼ਾਹੀ ਇਸ਼ਨਾਨ), 3 ਫਰਵਰੀ (ਬਸੰਤ ਪੰਚਮੀ – ਤੀਜਾ ਸ਼ਾਹੀ ਇਸ਼ਨਾਨ), 12 ਫਰਵਰੀ (ਮਾਘੀ ਪੂਰਨਿਮਾ) ਅਤੇ 26 ਫਰਵਰੀ (ਮਹਾ ਸ਼ਿਵਰਾਤਰੀ) ਸ਼ਾਮਲ ਹਨ। ਮਹਾਂਕੁੰਭ ਹਰ 12 ਸਾਲਾਂ ਬਾਅਦ ਆਯੋਜਿਤ ਕੀਤਾ ਜਾਂਦਾ ਹੈ, ਅਤੇ 13 ਜਨਵਰੀ ਤੋਂ 26 ਫਰਵਰੀ ਤੱਕ ਪ੍ਰਯਾਗਰਾਜ ਵਿੱਚ ਸ਼ਰਧਾਲੂਆਂ ਦੀ ਵੱਡੀ ਭੀੜ ਹੋਣ ਦੀ ਉਮੀਦ ਹੈ।