School Bus Catch fire: ਅੱਜ ਡੇਰਾ ਬਾਬਾ ਨਾਨਕ ਤੇ ਫਤਿਹਗੜ੍ਹ ਚੂੜੀਆਂ ਰੋਡ ਨਜ਼ਦੀਕ ਰੱਤਾ ਪੁੱਲ ‘ਤੇ ਇੱਕ ਨਿੱਜੀ ਸਕੂਲ ਦੀ ਵੈਨ ਨੂੰ ਅੱਗ ਲੱਗ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਜ਼ਦੀਕੀ ਡੇਰੇ ਵਾਲਿਆਂ ਅਤੇ ਆਪਣੇ ਬੱਚੇ ਲੈਣ ਆਏ ਮਾਪਿਆਂ ਨੇ ਦੱਸਿਆ ਕਿ ਜਦੋਂ ਉਹ ਰੱਤਾ ਪੁੱਲ ਉੱਪਰ ਖੜੇ ਸੀ ਤਾਂ ਉਨ੍ਹਾਂ ਦੇਖਿਆ ਕਿ ਬੱਚਿਆਂ ਨੂੰ ਛੱਡ ਕੇ ਆ ਰਹੀ ਫਤਿਹਗੜ ਚੂੜੀਆਂ ਦੀ ਨਿੱਜੀ ਸਕੂਲ ਵੈਨ ਨੂੰ ਅੱਗ ਲੱਗੀ ਹੋਈ ਸੀ। ਜਿਸ ਵਿੱਚ ਕਰੀਬ ਦੋ ਤੋਂ ਤਿੰਨ ਬੱਚੇ ਸਵਾਰ ਸੀ।
ਇਸ ਨੂੰ ਦੇਖਦੇ ਹੀ ਉਨ੍ਹਾਂ ਨੇ ਰੌਲਾ ਪਾਇਆ ਅਤੇ ਡਰਾਈਵਰ ਵੱਲੋਂ ਗੱਡੀ ਰੋਕਣ ‘ਤੇ ਲੋਕਾਂ ਨੇ ਅੱਗ ਉੱਪਰ ਮਿੱਟੀ ਪਾ ਕੇ ਕਾਬੂ ਪਾਇਆ। ਲੋਕਾਂ ਨੇ ਦੱਸਿਆ ਕਿ ਬੱਚਿਆਂ ਦੇ ਰੌਲਾ ਪਾਉਣ ਦੇ ਬਾਵਜੂਦ ਵੀ ਡਰਾਈਵਰ ਨੂੰ ਅੱਗ ਦਾ ਨਹੀਂ ਪਤਾ ਲੱਗਾ ਤੇ ਜਦੋਂ ਸਾਡੇ ਵੱਲੋਂ ਰੌਲਾ ਪਾਇਆ ਤਾਂ ਡਰਾਈਵਰ ਨੇ ਗੱਡੀ ਰੋਕ ਲਈ।
ਉਨ੍ਹਾਂ ਦੱਸਿਆ ਕਿ ਜੇਕਰ ਅੱਗ ‘ਤੇ ਜਲਦੀ ਕਾਬੂ ਨਾ ਪੈਂਦਾ ਤਾਂ ਬੱਚਿਆਂ ਦੇ ਨਾਲ-ਨਾਲ ਕਣਕ ਦੀ ਪੱਕੀ ਫਸਲ ਨੂੰ ਵੱਡਾ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਕਥਿਤ ਤੌਰ ‘ਤੇ ਸਕੂਲ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਕੂਲ ਮਾਲਕਾਂ ਵੱਲੋਂ ਬਹੁਤ ਪੁਰਾਣੇ ਮਾਡਲ ਦੀਆਂ ਗੱਡੀਆਂ ਲਗਾਈਆਂ ਹੋਈਆਂ ਹਨ ਜੋ ਕਿ ਆਏ ਦਿਨ ਹਾਦਸੇ ਦਾ ਕਾਰਨ ਬਣ ਰਹੀਆਂ ਹਨ। ਉਧਰ ਰਾਹਗੀਰਾਂ ਵੱਲੋਂ ਤੁਰੰਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਦੋਂ ਵੈਨ ਦੇ ਡਰਾਈਵਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਵੈਨ ਦੀ ਡੀਜ਼ਲ ਵਾਲੀ ਪੈਪ ਲੀਕ ਹੋਣ ਕਰਕੇ ਅੱਗ ਲੱਗੀ ਸੀ। ਜਿਸ ‘ਤੇ ਜਲਦੀ ਰਾਹਗੀਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਬੱਚਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ।