Raikot village Andlu: ਪਿੰਡ ਦੇ ਸਰਪੰਚ ਨੇ ਕਿਹਾ ਕਿ ਇਸ ਮਸਲੇ ਵਿਚ ਸਾਰਾ ਪਿੰਡ ਇੱਕ-ਜੁੱਟ ਹੈ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖ ਦੇ ਹੋਏ ਪੰਚਾਇਤ ਵੱਲੋਂ ਦਿਨ-ਰਾਤ ਨਿਗ੍ਹਾ ਰੱਖੀ ਜਾ ਰਹੀ ਹੈ।
Migrant threatens villagers Video Viral: ਲੁਧਿਆਣਾ ਦੇ ਰਾਏਕੋਟ ਦੇ ਪਿੰਡ ਆਂਡਲੂ ਤੋਂ ਹੈਰਾਨ ਕਰਨਵ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਵਲੋਂ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਪਿੰਡ ਵਾਸੀਆਂ ਨੂੰ ਸ਼ਰੇਆਮ ਧਮਕੀ ਦਿੱਤੀ ਜਾ ਰਹੀ ਹੈ। ਵਾਈਰਲ ਹੋ ਰਹੀ ਵੀਡੀਓ ‘ਚ ਉਹ ਯੂਪੀ ਤੋਂ ਅਸਲਾ ਲਿਆ ਕੇ ਲੋਕਾਂ ਨੂੰ ਸਬਕ ਸਿਖਾਉਣ ਦੀ ਧਮਕੀ ਦੇ ਰਿਹਾ ਹੈ।
ਇਸ ਵੀਡੀਓ ਤੋਂ ਬਾਅਦ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਿਸ ਮਗਰੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਿੰਡਵਾਸੀਆਂ ਨੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਦੀ ਦੇਖ-ਰੇਖ ਹੇਠ ਇਕੱਠ ਕਰਕੇ ਅਗਲੀ ਰਣਨੀਤੀ ਉਲੀਕੀ। ਇਸ ਮਾਮਲੇ ਸੰਬੰਧੀ ਰਾਏਕੋਟ ਸਦਰ ਪੁਲਿਸ ਨੂੰ ਸ਼ਿਕਾਇਤ ਦੇ ਕੇ ਉਕਤ ਪ੍ਰਵਾਸੀ ਮਜ਼ਦੂਰ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ।

ਪਿੰਡਵਾਸੀਆਂ ਤੇ ਸਰਪੰਚ ਨੇ ਪੰਜਾਬੀਆਂ ਨੂੰ ਕੀਤੀ ਅਪੀਲ
ਇਸ ਮੌਕੇ ਪਿੰਡਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਉਕਤ ਵਿਅਕਤੀ ਖਿਲਾਫ਼ ਜਲਦ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਨਾਲ ਹੀ ਸਮੂਹ ਪੰਜਾਬਵਾਸੀਆਂ ਸਮੇਤ ਨਿਹੰਗ, ਸਿੱਖ ਤੇ ਕਿਸਾਨ ਜੱਥੇਬੰਦੀਆਂ ਤੋਂ ਸਾਥ ਦੀ ਮੰਗ ਕੀਤੀ। ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਨੇ ਕਿਹਾ ਕਿ ਇਸ ਮਸਲੇ ਵਿਚ ਸਾਰਾ ਪਿੰਡ ਇੱਕ-ਜੁੱਟ ਹੈ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖ ਦੇ ਹੋਏ ਜਿਥੇ ਗ੍ਰਾਮ ਪੰਚਾਇਤ ਵੱਲੋਂ ਦਿਨ-ਰਾਤ ਨਿਗ੍ਹਾ ਰੱਖੀ ਜਾ ਰਹੀ ਹੈ। ਉਥੇ ਹੀ ਪੁਲਿਸ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਰੱਖਿਆ ਗਿਆ ਹੈ।
ਇਸ ਬਾਰੇ ਜਦੋਂ ਪੁਲਿਸ ਥਾਣਾ ਸਦਰ ਰਾਏਕੋਟ ਦੇ ਐਸਐਚਓ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪਿੰਡ ਆਂਡਲੂ ਦੇ ਜਸਵਿੰਦਰ ਸਿੰਘ ਜੱਸੀ ਤੇ ਪਿੰਡਵਾਸੀਆਂ ਵੱਲੋਂ ਦਿੱਤੀ ਸ਼ਿਕਾਇਤ ’ਤੇ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਉਕਤ ਵਿਅਕਤੀ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਜਾਣੋ ਕੀ ਹੈ ਪੂਰਾ ਮਾਮਲਾ
ਦਰਅਸਲ ਪਿੰਡ ਆਂਡਲੂ ਵਿਚ ਆਪਣੇ ਮਾਪਿਆਂ ਨਾਲ ਲੰਮੇ ਸਮੇਂ ਤੋਂ ਰਹਿੰਦੇ ਇੱਕ ਪ੍ਰਵਾਸੀ ਮਜ਼ਦੂਰ ਲੜਕਾ ਕਿਸੇ ਹੋਰ ਜ਼ਿਲ੍ਹੇ ਦੇ ਪਿੰਡ ਦੀ ਇੱਕ ਲੜਕੀ ਨੂੰ ਭਜਾ ਕੇ ਘਰ ਲੈ ਆਇਆ। ਜਿਸ ਮਗਰੋਂ ਇਸ ਮਾਮਲੇ ਨੇ ਤੂਲ ਫੜ੍ਹਨਾ ਸ਼ੁਰੂ ਕੀਤਾ ਅਤੇ ਗ੍ਰਾਮ ਪੰਚਾਇਤ ਤੇ ਪਿੰਡਵਾਸੀਆਂ ਨੇ ਸਮਾਜ ਸੇਵੀ ਆਗੂ ਜਸਵਿੰਦਰ ਸਿੰਘ ਜੱਸੀ ਦੀ ਅਗਵਾਈ ’ਚ ਉਕਤ ਪ੍ਰਵਾਸੀ ਮਜ਼ਦੂਰ ਪਰਿਵਾਰ ਕੋਲੋਂ ਲੜਕੀ ਨੂੰ ਉਸ ਦੇ ਘਰ ਵਾਪਸ ਭੇਜ ਦਿੱਤਾ। ਉਥੇ ਹੀ ਗ੍ਰਾਮ ਪੰਚਾਇਤ ਨੇ ਉਕਤ ਮਜ਼ਦੂਰ ਪਰਿਵਾਰ ਨੂੰ ਪਿੰਡ ’ਚੋਂ ਕੱਢ ਦਿੱਤਾ।
ਪੰਚਾਇਤ ਦੀ ਇਸ ਕਾਰਵਾਈ ਤੋਂ ਭੜਕੇ ਪ੍ਰਵਾਸੀ ਮਜ਼ਦੂਰ ਲੜਕੇ ਮੋਹਿਤ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪਾ ਕੇ ਜਸਵਿੰਦਰ ਸਿੰਘ ਜੱਸੀ ਸਮੇਤ ਸਾਰੇ ਪਿੰਡਵਾਸੀਆਂ ਨੂੰ ਯੂਪੀ ’ਚ ਸਮਾਨ (ਅਸਲਾ) ਲਿਆ ਕੇ ਸਬਕ ਸਿਖਾਉਣ ਦੀ ਧਮਕੀ ਦਿੱਤੀ।