Punjab News: ਉੱਤਰੀ ਭਾਰਤ ਦੀ ਪ੍ਰਸਿੱਧ ਵਿਦਿਅਕ ਸੰਸਥਾ ਸ੍ਰੀ ਦਸਮੇਸ਼ ਅਕੈਡਮੀ, ਅਨੰਦਪੁਰ ਸਾਹਿਬ ਜਿਹੜੀ ਕਿ ਦਸਮੇਸ਼ ਅਕੈਡਮੀ ਟ੍ਰੱਸਟ ਜਿਸ ਦੇ ਚੈਅਰਮੈਨ ਸੁਰਜੀਤ ਸਿੰਘ ਰੱਖੜਾ, ਸਾਬਕਾ ਕੈਬਨਿਟ ਮੰਤਰੀ ਪੰਜਾਬ ਹਨ ਦੀ ਅਗਵਾਈ ਹੇਠ ਪੰਜਾਬ ਤੇ ਦੇਸ਼ ਦੇ ਵੱਖ-ਵੱਖ ਖਿੱਤਿਆਂ ਵਿੱਚੋਂ ਆਉਂਦੇ ਵਿਦਿਆਰਥੀ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਦੀ ਹੈ, ਨੂੰ ਭਾਰਤ ਸਰਕਾਰ ਦੇ ਰੱਖਿਆ ਮੰਤਰਾਲਾ ਤੇ ਸੈਨਿਕ ਸਕੂਲ ਸੁਸਾਇਟੀ, ਨਵੀ ਦਿੱਲੀ ਵੱਲੋਂ ਦਸਮੇਸ਼ ਅਕੈਡਮੀ ਨੂੰ ਸੈਨਿਕ ਸਕੂਲ ਬਣਾਏ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਸਬੰਧੀ ਦਸਮੇਸ਼ ਅਕੈਡਮੀ ਟ੍ਰ਼ਸਟ ਦੇ ਚੇਅਰਮੈਨ ਸੁਰਜੀਤ ਸਿੰਘ ਰੱਖੜਾ ਤੇ ਸੈਨਿਕ ਸਕੂਲ ਸੁਸਾਇਟੀ ਨੇ ਇੱਕ ਸਮਝੌਤੇ ’ਤੇ ਦਸਤਖਤ ਕੀਤੇ, ਜਿਸ ’ਚ ਇਹ ਪ੍ਰਾਈਵੇਟ ਭਾਈਵਾਲ ਦੇ ਤੌਰ ’ਤੇ ਕੰਮ ਕਰਨਗੇ।
ਇਸ ਸਮਝੌਤੇ ਤਹਿਤ ਅਕੈਡਮੀ ਵਿੱਚ ਸੈਨਿਕ ਸਕੂਲ ਸੁਸਾਇਟੀ ਵਲੋਂ ਲਏ ਜਾਂਦੇ ਆਲ ਇੰਡੀਆ ਦਾਖਲਾ ਟੈਸਟ ਦੇ ਆਧਾਰ ’ਤੇ ਛੇਵੀਂ ’ਚ 40 ਵਿਦਿਆਰਥੀ ਦਾਖ਼ਲ ਕੀਤੇ ਜਾਣਗੇ ਜਿਨ੍ਹਾਂ ਨੂੰ ਸੈਨਿਕ ਸਕੂਲ ਸੁਸਾਇਟੀ ਦੇ ਨਿਯਮਾਂ ਅਨੁਸਾਰ ਸਕਾਲਰਸ਼ਿਪ ਦਿੱਤੀ ਜਾਵੇਗੀ। ਛੇਵੀਂ ’ਚ ਵਿਦਿਆਰਥੀਆਂ ਦੇ ਚੋਣ ਆਲ ਇੰਡੀਆ ਦਾਖਲਾ ਟੇੈਸਟ ਦੇ ਆਧਾਰ ’ਤੇ ਸੈਨਿਕ ਸਕੂਲ ਸੁਸਾਇਟੀ ਵੱਲੋਂ ਕੀਤੀ ਜਾਵੇਗੀ। ਇਸ ਸਬੰਧੀ ਅਕੈਡਮੀ ਦੇ ਡਾਇਰੈਕਟਰ ਮੇਜਰ ਜਨਰਲ ਜੇ ਐਸ ਘੁੰਮਣ (ਰਿਟਾ) ਨੇ ਦੱਸਿਆ ਕਿ ਇਸ ਦਾ ਨਾਂ ਦਸਮੇਸ਼ ਅਕੈਡਮੀ ਸੈਨਿਕ ਸਕੂਲ, ਅਨੰਦਪੁਰ ਸਾਹਿਬ ਹੋਵੇਗਾ। ਦਸਮੇਸ਼ ਅਕੈਡਮੀ ਦੇ ਸੈਨਿਕ ਸਕੂਲ ਬਣਨ ਦੇ ਨਾਲ ਜਿਥੇ ਅਕੈਡਮੀ ਦੇ ਹੋਸਟਲ ਦੇ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ, ਉਥੇ ਅਕੈਡਮੀ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਾਪਤ ਕਰਨ ਦੇ ਨਾਲ ਨਾਲ ਉਨਾਂ ਦੇ ਸਰਬਪੱਖੀ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਅਤੇ ਹੁਲਾਰਾ ਮਿਲੇਗਾ ਜਿਹੜਾ ਕਿ ਉਨਾਂ ਲਈ ਦੇਸ਼, ਕੌਮ ਅਤੇ ਸਮਾਜ ਦੀ ਸੇਵਾ ਕਰਨ ਲਈ ਵਰਦਾਨ ਸਿੱਧ ਹੋਵੇਗਾ।
ਉਨ੍ਹਾਂ ਕਿਹਾ ਕਿ ਦਸਮੇਸ਼ ਅਕੈਡਮੀ ਪਹਿਲਾਂ ਵੀ ਸੈਨਿਕ ਸਕੂਲਾਂ ਦੀ ਤਰਜ਼ ’ਤੇ ਕੰਮ ਕਰ ਰਹੀ ਹੈ ਤੇ ਇੱਥੇ 12ਵੀਂ ਪਾਸ ਕਰਕੇ ਗਏ ਬਹੁਤ ਸਾਰੇ ਵਿਦਿਆਰਥੀਆਂ ਸੁਰੱਖਿਆ ਸੈਨਾਵਾਂ ਵਿੱਚ ਬਤੌਰ ਅਫਸਰ ਸੇਵਾ ਨਿਭਾਅ ਰਹੇ ਹਨ। ਬਹੁਤ ਸਾਰੇ ਵਿਦਿਆਰਥੀ ਮੈਡੀਕਲ ਸੇਵਾਵਾਂ, ਇੰਜੀਨੀਅਰਿੰਗ ਅਤੇ ਹੋਰ ਖਿੱਤਿਆ ’ਚ ਨਾਮਣਾ ਖੱਟ ਰਹੇ ਹਨ। ਉਨਾਂ ਭਾਰਤ ਸਰਕਾਰ, ਰੱਖਿਆ ਮੰਤਰਾਲੇ ਅਤੇ ਸ੍ਰੀ ਦਸਮੇਸ਼ ਅਕੈਡਮੀ ਟਰੱਸਟ ਦੇ ਚੈਅਰਮੈਨ ਤੇ ਹੋਰ ਟ੍ਰਸਟ ਦੇ ਮੈਬਰਾਂ ਦਾ ਦਸਮੇਸ਼ ਅਕੈਡਮੀ ਨੂੰ ਸੈਨਿਕ ਸਕੂਲ ਬਣਾਉਣ ਲਈ ਪਾਏ ਗਏ ਯੋਗਦਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਸ ਅਦਾਰੇ ਨੂੰ ਭਾਰਤ ਵਿਚ ਇੱਕ ਵਧੀਆ ਸਕੂਲ ਬਣਾਉਣ ਲਈ ਤਨ, ਮਨ ਤੇ ਧਨ ਨਾਲ ਕੰਮ ਕਰਨਗੇ। ਇਸ ਮੌਕੇ ਮੇਜਰ ਜਨਰਲ ਜੇ ਐਸ ਘੁੰਮਣ, ਡਾਇਰੈਕਟਰ ਤੋਂ ਇਲਾਵਾ ਪ੍ਰਿੰਸੀਪਲ ਡਾ. ਸੋਨੂੰ ਵਾਲੀਆ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।