Ahmedabad Plane Crash:ਅਹਿਮਦਾਬਾਦ ਵਿੱਚ ਵਾਪਰੇ ਭਿਆਨਕ ਏਅਰ ਇੰਡੀਆ ਜਹਾਜ਼ ਹਾਦਸੇ, ਜਿਸ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਇੰਚਾਰਜ ਸ੍ਰੀ ਵਿਜੈ ਰੂਪਾਨੀ ਸਮੇਤ ਹੋਰ ਨਿਰਦੋਸ਼ ਯਾਤਰੀਆਂ ਦੀ ਮੌਤ ਹੋ ਗਈ, ਜਿਸ ਨੇ ਸਮੁੱਚੇ ਦੇਸ਼ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਇਸ ਅਤਿ-ਦੁਖਦਾਈ ਘਟਨਾ ‘ਤੇ ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸ. ਸਤਨਾਮ ਸਿੰਘ ਸੰਧੂ ਨੇ ਕਿਹਾ, “ਵਿਜੈ ਰੂਪਾਨੀ ਜੀ ਅਸਾਧਾਰਨ ਕਾਬਲੀਅਤ ਦੇ ਮਾਲਕ, ਅਤਿ ਨਿਸ਼ਠਾਵਾਨ ਅਤੇ ਦੂਰਦਰਸ਼ੀ ਲੀਡਰ ਸਨ। ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਹੇਠ ਗੁਜਰਾਤ ਨੇ ਵਿਕਾਸ ਅਤੇ ਤਰੱਕੀ ਦੀਆਂ ਨਵੀਆਂ ਅਤੇ ਬੇਮਿਸਾਲ ਉੱਚਾਈਆਂ ਨੂੰ ਛੂਹਿਆ। ਪੰਜਾਬ ਅਤੇ ਚੰਡੀਗੜ੍ਹ ਦੇ ਭਾਜਪਾ ਇੰਚਾਰਜ ਵਜੋਂ ਵੀ ਉਨ੍ਹਾਂ ਨੇ ਪਾਰਟੀ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਵਿੱਚ ਅਹਿਮ ਅਤੇ ਬੇਮਿਸਾਲ ਭੂਮਿਕਾ ਨਿਭਾਈ।” ਬੀਤੇ ਤਿੰਨ ਸਾਲਾਂ ਦੌਰਾਨ ਪੰਜਾਬ ਭਾਜਪਾ ਇੰਚਾਰਜ ਰਹਿੰਦੇ ਹੋਇਆ ਸ੍ਰੀ ਵਿਜੇ ਰੂਪਾਨੀ ਪੰਜਾਬ ਅਤੇ ਪੰਜਾਬੀਆਂ ਦੇ ਅਹਿਮ ਮਸਲਿਆਂ ਤੋਂ ਵਾਕਿਫ਼ ਸਨ ਅਤੇ ਸਮੇਂ ਸਮੇਂ ਤੇ ਉਹ ਪੰਜਾਬ ਦੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਕੇਂਦਰ ਸਰਕਾਰ ਤੱਕ ਪੰਜਾਬ ਦੇ ਹਿੱਤਾਂ ਦੀ ਗੱਲ ਪਹੁੰਚਾਉਣ ਦਾ ਕੰਮ ਕਰ ਰਹੇ ਸਨ। ਸੰਧੂ ਨੇ ਕਿਹਾ, “ਉਨ੍ਹਾਂ ਦੀ ਅਚਾਨਕ ਅਤੇ ਦੁਖਦਾਈ ਮੌਤ ਕੇਵਲ ਭਾਜਪਾ ਲਈ ਹੀ ਨਹੀਂ, ਬਲਕਿ ਸਮੁੱਚੇ ਦੇਸ਼ ਲਈ ਇੱਕ ਕਦੇ ਵੀ ਨਾ ਪੂਰੀ ਹੋਣ ਵਾਲੀ ਘਾਟ ਹੈ। ਇਹ ਇੱਕ ਅਜਿਹਾ ਨੁਕਸਾਨ ਹੈ ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ।”
ਉਨ੍ਹਾਂ ਨੇ ਇਸ ਭਿਆਨਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਹੋਰ ਸਾਰੇ ਨਿਰਦੋਸ਼ ਲੋਕਾਂ ਪ੍ਰਤੀ ਵੀ ਗਹਿਰੀ ਸੰਵੇਦਨਾ ਪ੍ਰਗਟਾਈ। ਸੰਧੂ ਨੇ ਕਿਹਾ, “ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਸਾਰੀਆਂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਇਸ ਅਸਹਿ ਪੀੜਾ ਦੀ ਘੜੀ ਵਿੱਚ ਦੁਖੀ ਪਰਿਵਾਰਾਂ ਨੂੰ ਇਸ ਭਾਰੀ ਦੁੱਖ ਨੂੰ ਸਹਿਣ ਦੀ ਸ਼ਕਤੀ ਦੇਵੇ।” ਸ੍ਰੀ ਵਿਜੇ ਰੂਪਾਨੀ ਦੇਸ਼ ਲਈ ਇੱਕ ਵੱਡਾ ਘਾਟਾ ਹੈ ਅਤੇ ਸ੍ਰੀ ਵਿਜੈ ਰੂਪਾਣੀ ਜੀ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।