MP Gurjit Aujla; ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜੱਟਾ ਪੰਛੀਆਂ ਤੋਂ ਘੋਨੇਵਾਲ ਤੇ ਮਾਛੀਵਾਲ ਨੂੰ ਜਾਣ ਵਾਲੇ ਧੁੱਸੀ ਬੰਨ੍ਹ ‘ਤੇ ਪਏ ਫਾਟ ਨੂੰ ਭਰਨ ਲਈ ਚੱਲ ਰਹੀ ਸੇਵਾ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨੇ ਸੇਵਾ ਕਰ ਰਹੀ ਸੰਗਤ ਦਾ ਧੰਨਵਾਦ ਕੀਤਾ।
ਸੰਸਦ ਮੈਂਬਰ ਨੇ ਕਿਹਾ ਕਿ ਵੱਖ-ਵੱਖ ਥਾਵਾਂ ਤੋਂ ਆ ਰਹੀ ਸੰਗਤ ਇਸ ਬੰਨ੍ਹਾਂ ਨੂੰ ਪੱਕੇ ਤਰੀਕੇ ਨਾਲ ਬੰਨ੍ਹਣ ਲਈ ਸੇਵਾ ਦੇ ਰਹੀ ਹੈ। ਖ਼ਾਸ ਤੌਰ ‘ਤੇ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਦੀ ਅਗਵਾਈ ਹੇਠ ਹਰਿਆਣਾ ਤੋਂ ਪਹੁੰਚੀ ਸੰਗਤ ਵੱਲੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ। ਇਹ ਸੰਗਤਾਂ ਇੱਥੇ ਰਹਿ ਕੇ ਬੰਨ੍ਹਾਂ ਦੇ ਫਾਟ ਨੂੰ ਪੱਕੇ ਤਰੀਕੇ ਨਾਲ ਭਰ ਰਹੀਆਂ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੱਡਾ ਨੁਕਸਾਨ ਨਾ ਹੋਵੇ।
ਔਜਲਾ ਨੇ ਕਿਹਾ ਕਿ ਇਹ ਕੰਮ ਅਸਲ ਵਿੱਚ ਸਰਕਾਰਾਂ ਦਾ ਹੈ ਅਤੇ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਬੰਨ੍ਹਾਂ ਦੀ ਮੁਰੰਮਤ ਦਾ ਕੰਮ ਜਲਦੀ ਪੂਰਾ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਿੱਖ ਸੰਗਤ ਖੁਦ ਹੀ ਆਪਣੇ ਜਖਮਾਂ ‘ਤੇ ਮਰਹਮ ਲਾ ਰਹੀ ਹੈ, ਪਰ ਪਿੰਡਾਂ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਸੇਵਾ ਵਿੱਚ ਸ਼ਾਮਲ ਹੋਣ।
ਸੰਸਦ ਮੈਂਬਰ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਵੇਂ ਦੂਰ-ਦੂਰੋਂ ਸੰਗਤਾਂ ਆ ਕੇ ਇਹ ਸੇਵਾ ਕਰ ਰਹੀਆਂ ਹਨ, ਓਸੇ ਤਰ੍ਹਾਂ ਸਥਾਨਕ ਲੋਕਾਂ ਨੂੰ ਵੀ ਬੰਨ੍ਹਾਂ ਦੀ ਮੁਰੰਮਤ ਅਤੇ ਸੁਰੱਖਿਆ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਸਾਰੇ ਮਿਲ ਕੇ ਕੰਮ ਕਰਨਗੇ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਫਸਲਾਂ ਦਾ ਨੁਕਸਾਨ ਨਹੀਂ ਝੱਲਣਾ ਪਵੇਗਾ ਅਤੇ ਹੜ੍ਹ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ।