ਅੰਮ੍ਰਿਤਸਰ ਵਿੱਚ ਵਧ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਲੈ ਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਸ਼ਹਿਰ ਦੇ ਸਾਰੇ ਰੇਲਵੇ ਫਾਟਕਾਂ ਦਾ ਵਿਸਥਾਰਪੂਰਕ ਨਿਰੀਖਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੇ ਮੁਤਾਬਕ ਸ਼ਹਿਰ ਵਿੱਚ ਕਈ ਅਜਿਹੇ ਰੇਲਵੇ ਫਾਟਕ ਹਨ ਜਿੱਥੇ ਦਿਨ ਭਰ ਲੰਬੀਆਂ ਲਾਈਨਾਂ ਅਤੇ ਜਾਮ ਦੇ ਕਾਰਨ ਲੋਕਾਂ ਨੂੰ ਦਿੱਕਤ ਆਉਂਦੀ ਹੈ। ਇਸੇ ਕਰਕੇ ਉਨ੍ਹਾਂ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿ ਹਰ ਰੇਲਵੇ ਫਾਟਕ ‘ਤੇ ਜਾਂਚ ਕਰਕੇ ਉਥੇ ਅੰਡਰਪਾਸ ਜਾਂ ਫਲਾਈਓਵਰ ਬਣਾਉਣ ਦੀ ਸੰਭਾਵਨਾ ਦੀ ਜਾਂਚ ਕੀਤੀ ਜਾਵੇ।
ਉਨ੍ਹਾਂ ਨੇ ਆਪਣੇ ਨਿਰੀਖਣ ਦੀ ਸ਼ੁਰੂਆਤ ਅੱਜ ਜੋੜਾ ਫਾਟਕ ਤੋਂ ਕੀਤੀ, ਜਿੱਥੇ ਉਨ੍ਹਾਂ ਨੇ ਕੇਂਦਰੀ ਟੀਮਾਂ ਅਤੇ ਰੇਲਵੇ ਅਧਿਕਾਰੀਆਂ ਨਾਲ ਮਿਲ ਕੇ ਮੌਕੇ ਦਾ ਮੁਲਾਂਕਣ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਇੱਕ ਪਾਸੇ ਅੰਡਰਪਾਸ ਪਹਿਲਾਂ ਹੀ ਬਣਿਆ ਹੋਇਆ ਹੈ ਜੋ ਅੰਮ੍ਰਿਤਸਰ ਤੋਂ ਲੁਧਿਆਣਾ ਅਤੇ ਦਿੱਲੀ ਵਾਲੇ ਰੇਲ ਟ੍ਰੈਕ ਹੇਠਾਂ ਹੈ, ਪਰ ਦੂਜੇ ਪਾਸੇ ਜਿੱਥੋਂ ਪਠਾਨਕੋਟ ਨੂੰ ਟ੍ਰੈਕ ਜਾਂਦਾ ਹੈ, ਉਥੇ ਅਜੇ ਤੱਕ ਕੰਮ ਸ਼ੁਰੂ ਨਹੀਂ ਹੋਇਆ।
ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਹ ਸਾਰੀ ਜਾਂਚ ਮੁਕੰਮਲ ਕਰਕੇ ਇੱਕ ਵਿਸਥਾਰਪੂਰਕ ਰਿਪੋਰਟ ਤਿਆਰ ਕੀਤੀ ਜਾਵੇਗੀ ਜੋ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ, ਤਾਂ ਜੋ ਇਨ੍ਹਾਂ ਜਗ੍ਹਾਂ ‘ਤੇ ਤੁਰੰਤ ਕੰਮ ਸ਼ੁਰੂ ਕਰਵਾਇਆ ਜਾ ਸਕੇ। ਉਨ੍ਹਾਂ ਵੱਲੋਂ ਅੱਜ ਜੋੜਾ ਫਾਟਕ ਤੋਂ ਇਲਾਵਾ ਸ਼ਿਵਾਲਾ ਫਾਟਕ, ਨਾਗ ਕਲਾ ਫਾਟਕ, ਅਨਗੜ੍ਹ, ਝਾਬਾਲ ਰੋਡ, ਪੁਤਲੀਘਰ, ਢਪਈ, ਕੋਟ ਖਾਲਸਾ, ਇਸਲਾਮਾਬਾਦ ਆਦਿ ਇਲਾਕਿਆਂ ਦੇ ਫਾਟਕਾਂ ‘ਤੇ ਨਿਰੀਖਣ ਕੀਤਾ ਜਾ ਰਿਹਾ ਹੈ।