ਨਾਗਪੁਰ, 2 ਅਗਸਤ – ਨਾਗਪੁਰ ਪੁਲਿਸ ਨੇ ਇੱਕ ਅਜਿਹੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਨਲਾਈਨ ਰਾਹੀਂ ਮਰਦਾਂ ਨਾਲ ਵਿਆਹ ਕਰਕੇ ਉਨ੍ਹਾਂ ਨੂੰ ਠੱਗਣ ਦੇ ਕੇਸ ਵਿੱਚ ਲੰਬੇ ਸਮੇਂ ਤੋਂ ਫਰਾਰ ਸੀ। ਗਿੱਟੀਖ਼ਦਾਨ ਥਾਣੇ ਦੀ ਟੀਮ ਨੇ ਸਮੀਰਾ ਫਾਤਿਮਾ ਨਾਮਕ ਇਸ ਔਰਤ ਨੂੰ ਦਬੋਚ ਲਿਆ, ਜੋ ਲਗਭਗ ਇੱਕ ਸਾਲ ਤੋਂ ਪੁਲਿਸ ਦੀ ਪਕੜ ਤੋਂ ਬਾਹਰ ਸੀ।
ਸੋਸ਼ਲ ਮੀਡੀਆ ਬਣਿਆ ਠੱਗੀ ਦਾ ਔਜਾਰ
ਪੁਲਿਸ ਅਧਿਕਾਰੀਆਂ ਮੁਤਾਬਕ, ਸਮੀਰਾ ਨੇ ਆਪਣੀ ਯੋਜਨਾ ਦੇ ਤਹਿਤ ਵਿਆਹਸ਼ੁਦਾ ਮਰਦਾਂ ਨਾਲ ਸੰਪਰਕ ਬਣਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕੀਤੀ। ਉਹ ਖੁਦ ਨੂੰ ਤਲਾਕਸ਼ੁਦਾ ਦੱਸ ਕੇ ਦੂਜੀ ਪਤਨੀ ਵਜੋਂ ਰਹਿਣ ਦੀ ਪੇਸ਼ਕਸ਼ ਕਰਦੀ ਸੀ। ਵਿਆਹ ਦੇ ਕੁਝ ਸਮੇਂ ਬਾਅਦ ਉਹ ਪਤੀ ਨੂੰ ਕਾਨੂੰਨੀ ਕਾਰਵਾਈ ਜਾਂ ਝੂਠੀਆਂ ਸ਼ਿਕਾਇਤਾਂ ਦੇ ਨਾਂ ਤੇ ਧਮਕਾ ਕੇ ਪੈਸੇ ਵਸੂਲਦੀ ਸੀ।
ਮਾਰਚ 2023 ਵਿੱਚ ਗਿਟਟੀਖ਼ਦਾਨ ਪੁਲਿਸ ਥਾਣੇ ‘ਚ ਗੁਲਾਮ ਪਠਾਣ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ, ਸਮੀਰਾ ਨੇ 2010 ਤੋਂ ਲੈ ਕੇ ਕਈ ਪੁਰਸ਼ਾਂ ਨਾਲ ਵਿਆਹ ਕਰਕੇ ਉਨ੍ਹਾਂ ਤੋਂ ਮੁੜ ਮੁੜ ਪੈਸੇ ਠੱਗੇ। ਸ਼ਿਕਾਇਤਕਾਰ ਨੇ ਦੱਸਿਆ ਕਿ ਸਮੀਰਾ ਨੇ ਉਸ ਤੋਂ ਤੇ ਹੋਰ ਲੋਕਾਂ ਤੋਂ ਮਿਲਾ ਕੇ ਲਗਭਗ ₹50 ਲੱਖ ਦੀ ਠੱਗੀ ਕੀਤੀ। ਪਠਾਣ ਨੇ ₹10 ਲੱਖ ਦੇ ਲੈਣ-ਦੇਣ ਦੇ ਦਸਤਾਵੇਜ਼ੀ ਸਬੂਤ ਵੀ ਪੇਸ਼ ਕੀਤੇ ਹਨ।
ਸਕੂਲ ਅਧਿਆਪਕਾ ਸੀ, ਪਰ ਕਰ ਰਹੀ ਸੀ ਜ਼ਿੰਦਗੀ ਨਾਲ ਠੱਗੀ
ਪੁਲਿਸ ਅਨੁਸਾਰ, ਸਮੀਰਾ ਫਾਤਿਮਾ ਪਹਿਲਾਂ ਇੱਕ ਸਕੂਲ ਵਿੱਚ ਅਧਿਆਪਕਾ ਵਜੋਂ ਕੰਮ ਕਰਦੀ ਸੀ। ਫਰਾਰੀ ਦੌਰਾਨ, ਉਹ ਨਾਗਪੁਰ ਦੇ ਸਿਵਲ ਲਾਈਨਜ਼ ਇਲਾਕੇ ਦੀ ਇੱਕ ਚਾਹ ਦੀ ਦੁਕਾਨ ਉੱਤੇ ਦੇਖੀ ਗਈ, ਜਿੱਥੋਂ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ।
ਠੱਗੀ ਦਾ ਇੱਕੋ ਜਿਹਾ ਪੈਟਰਨ
ਅਧਿਕਾਰੀਆਂ ਨੇ ਦੱਸਿਆ ਕਿ ਹਰ ਕੇਸ ਵਿੱਚ ਸਮੀਰਾ ਨੇ ਇੱਕੋ ਜਿਹਾ ਤਰੀਕਾ ਵਰਤਿਆ: ਆਨਲਾਈਨ ਰਾਹੀਂ ਮਰਦਾਂ ਨਾਲ ਜਾਣ-ਪਛਾਣ, ਵਿਆਹ ਦੀ ਪੇਸ਼ਕਸ਼, ਵਿਆਹ ਕਰਨ ਤੋਂ ਬਾਅਦ ਝੂਠੇ ਮੁਕੱਦਮੇ ਜਾਂ ਸਮਝੌਤਿਆਂ ਰਾਹੀਂ ਪੈਸੇ ਦੀ ਮੰਗ।
ਮਾਮਲਾ ਦਰਜ, ਹੋਰ ਪੀੜਤਾਂ ਦੀ ਪਛਾਣ ਜਾਰੀ
ਪੁਲਿਸ ਨੇ ਸਮੀਰਾ ਫਾਤਿਮਾ ਵਿਰੁੱਧ ਠੱਗੀ, ਧਮਕੀ ਅਤੇ ਧੋਖਾਧੜੀ ਸਬੰਧੀ ਕਈ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਹੁਣ ਉਸ ਦੀ ਪੂਰੀ ਕਿਰਤੂਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਪੀੜਤਾਂ ਦੀ ਪਛਾਣ ਲਈ ਵੱਡੀ ਤਫ਼ਤੀਸ਼ ਚਲ ਰਹੀ ਹੈ।