Assault case at Civil Hospital; ਫਗਵਾੜਾ ਦੇ ਸਿਵਲ ਹਸਪਤਾਲ ‘ਚ ਗੁੰਡਾਗਰਦੀ ਦਾ ਨੰਗਾ-ਨਾਚ ਹੋਣ ਦਾ ਮਾਮਲਾ ਸਾਹਮਣੇ ਆਇਆ। ਜਿਥੇ ਕਿ ਕੁੱਝ ਨਕਾਬਪੋਸ਼ ਵਿਅਕਤੀ ਸਰਕਾਰੀ ਹਸਪਤਾਲ ‘ਚ ਦਾਖਿਲ ਹੋਕੇ ਇੱਕ ਮਰੀਜ਼ ‘ਤੇ ਡੰਡੇ ਅਤੇ ਤਲਵਾਰਾਂ ਨਾਲ ਹਮਲਾ ਕਰਦੇ ਹਨ। ਜਿਸ ਨਾਲ ਮਰੀਜ਼ ਖੂਨ ਨਾਲ ਪੂਰੀ ਤਰਾਂ ਲੱਥ-ਪੱਥ ਹੋ ਗਿਆ। ਇਹ ਸਾਰੀ ਘਟਨਾ ਹਸਪਤਾਲ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।
ਸੀਸੀਟੀਵੀ ਦੀ ਤਸਵੀਰਾਂ ਮੁਤਾਬਕ ਮੂੰਹ ਬੰਨ੍ਹ ਕੇ ਨੌਜਵਾਨ ਐਮਰਜੈਂਸੀ ਵਾਰਡ ਵਿੱਚ ਦਾਖਲ ਹੁੰਦੇ ਹਨ ‘ਤੇ ਹਸਪਤਾਲ ਚ ਪੱਟੀਆਂ ਕਰਵਾ ਰਹੇ ਇੱਕ ਵਿਅਕਤੀ ‘ਤੇ ਜਾਨਲੇਵਾ ਹਮਲਾ ਕਰ ਦਿੰਦੇ ਹਨ। ਜਾਣਕਾਰੀ ਅਨੁਸਾਰ ਪਿੰਡ ਬਲਾਲੋਂ ਵਿੱਚ ਪੀੜਿਤ ਵਿਅਕਤੀ ਜਮੀਨ ਠੇਕੇ ਤੇ ਲੈ ਕੇ ਖੇਤੀਬਾੜੀ ਦਾ ਕੰਮ ਕਰਦਾ ਹੈ। ਜ਼ਖਮੀ ਦਿਆਲ ਚੰਦ ਮੁਤਾਬਕ ਜਦੋਂ ਉਹ ਪਿੰਡ ਪੰਡੋਰੀ ਵਿਖੇ ਸਾਬਕਾ ਸਰਪੰਚ ਦੇ ਘਰੋਂ ਮੋਟਰ ਦਾ ਸਮਾਨ ਲੈਣ ਲਈ ਗਿਆ ਸੀ ਤਾਂ ਉੱਥੇ ਉਸ ਉੱਪਰ ਦੋ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸਨੇ ਦੱਸਿਆ ਕਿ ਇਸ ਹਮਲੇ ਦਾ ਕਾਰਨ ਸਰਪੰਚੀ ਦੀ ਚੋਣ ਜਿੱਤਣਾ ਹੈ। ਪੀੜਿਤ ਦਿਆਲ ਚੰਦ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।