Immigration businessman suicide; ਸੈਕਟਰ-68 ਦੇ ਐੱਚਡੀਐੱਫਸੀ ਬੈਂਕ ਦੇ ਪਖ਼ਾਨੇ ਵਿਚ ਖ਼ੁਦ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਰਾਜਦੀਪ ਸਿੰਘ ਦੇ ਸੁਸਾਈਡ ਕੇਸ ਵਿਚ ਨਵਾਂ ਮੋੜ ਆਇਆ ਹੈ। ਰਾਜਦੀਪ ਸਿੰਘ ਦੇ ਖ਼ੁਦ ਨੂੰ ਗੋਲ਼ੀ ਮਾਰਨ ਤੋਂ ਪਹਿਲਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਆਪਣੀ ਮੌਤ ਲਈ ਏਆਈਜੀ ਪੰਜਾਬ ਪੁਲਿਸ ਗੁਰਜੋਤ ਸਿੰਘ ਕਲੇਰ ਅਤੇ ਹੋਰਨਾਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਮ੍ਰਿਤਕ ਦੇ ਪਿਤਾ ਪਰਮਜੀਤ ਸਿੰਘ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਦੇ ਆਧਾਰ ‘ਤੇ, ਰਾਜਦੀਪ ਸਿੰਘ ਦਾ ਲਿਖਿਆ ਹੋਇਆ ਦੋ ਪੰਨਿਆਂ ਦਾ ਸੁਸਾਈਡ ਨੋਟ ਵੀ ਪੇਸ਼ ਕੀਤਾ ਗਿਆ ਹੈ। ਇਸ ਸੁਸਾਈਡ ਨੋਟ ਵਿਚ ਵੀ ਰਾਜਦੀਪ ਨੇ ਏਆਈਜੀ ਗੁਰਜੋਤ ਸਿੰਘ ਕਲੇਰ ਅਤੇ ਹੋਰਨਾਂ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦੀ ਗੱਲ ਲਿਖੀ ਹੈ। ਇਸ ਸਬੰਧੀ ਥਾਣਾ ਫੇਜ਼-8 ਪੁਲਿਸ ਨੇ ਏਆਈਜੀ ਗੁਰਜੋਤ ਸਿੰਘ ਕਲੇਰ, ਸਮੀਰ ਅਗਰਵਾਲ (ਸੀਏ), ਰਿੰਕੂ ਕ੍ਰਿਸ਼ਨਾ, ਸ਼ਾਇਨਾ ਅਰੋੜਾ ਅਤੇ ਰਿਸ਼ੀ ਰਾਣਾ ਸਣੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ।
ਰਾਜਦੀਪ ਦੇ ਪਿਤਾ ਪਰਮਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਰਾਜਦੀਪ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੀ ਪਤਨੀ ਛਵੀ ਨੂੰ ਇਕ ਮੈਸੇਜ ਕਰਕੇ ਦੱਸਿਆ ਸੀ ਕਿ ਉਸਨੇ ਦੁੱਧ ਵਾਲੀ ਡਾਇਰੀ ਵਿਚ ਇਕ ਚੀਜ਼ ਰੱਖੀ ਹੈ, ਜਦੋਂ ਉਹ ਸ਼ਾਮ ਨੂੰ ਘਰ ਪਹੁੰਚੀ ਤਾਂ ਉਸਨੂੰ ਡਾਇਰੀ ਵਿਚੋਂ ਦੋ ਪੰਨਿਆਂ ਦਾ ਸੁਸਾਈਡ ਨੋਟ ਮਿਲਿਆ, ਜਿਸ ਵਿਚ ਰਾਜਦੀਪ ਨੇ ਆਪਣੇ ਨਾਲ ਵਾਪਰੀ ਸਾਰੀ ਘਟਨਾ ਬਾਰੇ ਲਿਖਿਆ ਸੀ।