Bikram majhitia disproportionate assets case; ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ’ਚ ਨਾਭਾ ਜੇਲ੍ਹ ’ਚ ਆਪਣੀ ਬੈਰਕ ਬਦਲਣ ਵਾਲੀ ਦਾਇਰ ਅਰਜ਼ੀ ’ਤੇ ਐਡਵੋਕੇਟ ਐੱਚ. ਐੱਸ. ਧਨੋਆ ਬਚਾਅ ਪੱਖ ਵੱਲੋਂ ਪੇਸ਼ ਹੋਏ, ਜਦੋਂ ਕਿ ਸਰਕਾਰ ਵੱਲੋਂ ਪ੍ਰੀਤਇੰਦਰ ਪਾਲ ਸਿੰਘ ਅਤੇ ਫੈਰੀ ਸੋਫੈਟ ਵਿਸ਼ੇਸ਼ੇ ਪੀ. ਪੀ. ਅਤੇ ਮਨਜੀਤ ਸਿੰਘ ਐਡੀਸ਼ਨਲ ਪੀ. ਪੀ. ਵਜੋਂ ਪੇਸ਼ ਹੋਏ। ਅਦਾਲਤ ਵੱਲੋਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਅਰਜ਼ੀ ’ਤੇ ਅਗਲੀ ਸੁਣਵਾਈ ਲਈ 6 ਸਤਬੰਰ ਦੀ ਤਾਰੀਖ਼ ਨਿਰਧਾਰਿਤ ਕੀਤੀ ਹੈ।
ਦੱਸਣਯੋਗ ਹੈ ਕਿ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਗ੍ਰਿਫ਼ਤਾਰ ਅਤੇ ਅਦਾਲਤ ਵੱਲੋਂ ਜੇਲ੍ਹ ਭੇਜੇ ਗਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਵਕੀਲਾਂ ਰਾਹੀਂ ਅਦਾਲਤ ’ਚ ਇਕ ਅਰਜ਼ੀ ਦਾਇਰ ਕਰਕੇ ਅਦਾਲਤ ਨੂੰ ਬੇਨਤੀ ਕੀਤੀ ਗਈ ਸੀ ਕਿ ਉਨ੍ਹਾਂ ਨੂੰ (ਬਿਕਰਮ ਸਿੰਘ ਮਜੀਠੀਆ) ਨੂੰ ਆਮ ਹਵਾਲਾਤੀਆਂ ਦੇ ਨਾਲ ਨਾ ਰੱਖਿਆ ਜਾਵੇ। ਉਨ੍ਹਾਂ ਦੀ ਬੈਰਕ ਨੂੰ ਬਦਲਿਆ ਜਾਵੇ, ਕਿਉਂਕਿ ਇਕ ਪਾਸੇ ਸਰਕਾਰ ਉਨ੍ਹਾਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ, ਦੂਜੇ ਪਾਸੇ ਉਨ੍ਹਾਂ ਨੂੰ ਆਮ ਹਵਾਲਾਤੀਆਂ ਨਾਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੂੰ ਜਿਸ ਬੈਰਕ ’ਚ ਰੱਖਿਆ ਗਿਆ ਹੈ, ਉਸ ਜਗ੍ਹਾ ’ਤੇ ਕੈਮਰੇ ਵੀ ਲੱਗੇ ਹੋਏ ਹਨ ਅਤੇ ਉਨ੍ਹਾਂ ਨਾਲ ਅਜਿਹੇ ਵਿਅਕਤੀਆਂ ਨੂੰ ਰੱਖਿਆ ਹੋਇਆ ਹੈ, ਜੋ ਸੰਗੀਨ ਜ਼ੁਰਮਾਂ ’ਚ ਅੰਦਰ ਹਨ।