Punjab News; ਪ੍ਰਸ਼ਾਸਨਿਕ ਸੁਧਾਰਾਂ ਬਾਰੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਪੰਜਾਬ ਸਰਕਾਰ ਵੱਲੋਂ ਲਾਂਚ ਕੀਤੀਆਂ ਗਈਆਂ ਮਾਲ ਵਿਭਾਗ ਦੀਆਂ ਸੇਵਾਵਾਂ ਦੀ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਾਜ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਇਹ ਕ੍ਰਾਂਤੀਕਾਰੀ ਕਦਮ ਸਿੱਧ ਹੋਵੇਗਾ।
ਉਹਨਾਂ ਦੱਸਿਆ ਕਿ ਹੁਣ ਜਮੀਨ ਜਾਇਦਾਦ ਦੀ ਜਮਾਂਬੰਦੀ, ਇੰਤਕਾਲ, ਫਰਦ ਬਦਰ ਆਦਿ ਲਈ ਲੋਕਾਂ ਨੂੰ ਦਫਤਰਾਂ ਦੇ ਗੇੜੇ ਨਹੀਂ ਲਾਉਣੇ ਪੈਣਗੇ, ਸਗੋਂ ਉਹ ਇੱਕ ਕਲਿੱਕ ਉੱਤੇ ਹੀ ਇਹ ਕੰਮ ਆਪਣੇ ਮੋਬਾਈਲ ਤੋਂ ਕਰ ਸਕਣਗੇ। ਉਹਨਾਂ ਕਿਹਾ ਕਿ ਅੱਜ ਆਮ ਲੋਕਾਂ ਨਾਲ ਜੁੜੀਆਂ ਸੇਵਾਵਾਂ ਨੂੰ ਆਨਲਾਈਨ ਕੀਤਾ ਗਿਆ ਹੈ ਅਤੇ ਇਹ ਸਾਰੀਆਂ ਸੇਵਾਵਾਂ ਇਜੀ ਜਮਾਬੰਦੀ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ ਜਾਂ 1076 ਫੋਨ ਨੰਬਰ ਡਾਇਲ ਕਰਕੇ ਤੁਸੀਂ ਘਰ ਬੈਠੇ ਇਹ ਸੇਵਾ ਪ੍ਰਾਪਤ ਕਰ ਸਕਦੇ ਹੋ।
ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਤਕਰੀਬਨ 40 ਲੱਖ ਲੋਕ ਫਰਦ ਦੀ ਕਾਪੀ ਲੈਣ ਲਈ ਫਰਦ ਕੇਂਦਰਾਂ ਵਿੱਚ ਜਾਂਦੇ ਹਨ ਅਤੇ ਇਸ ਲਈ 45 ਕਰੋੜ ਰੁਪਏ ਫੀਸ ਵਜੋਂ ਦਿੰਦੇ ਹਨ, ਜਦ ਕਿ ਹੁਣ ਇਹ ਕੰਮ ਮੋਬਾਇਲ ਫੋਨ ਰਾਹੀਂ ਹੋ ਸਕੇਗਾ ਅਤੇ ਇਸ ਨਾਲ ਪੰਜਾਬੀਆਂ ਦੇ ਲਗਭਗ 22 ਕਰੋੜ ਤੋਂ ਵੱਧ ਦੇ ਪੈਸੇ ਬਚਣਗੇ। ਇਸ ਤੋਂ ਇਲਾਵਾ ਨਾ ਪਟਵਾਰੀ ਕੋਲ ਜਾਣ ਦੀ ਲੋੜ ਪਵੇਗੀ, ਨਾ ਲਾਈਨ ਵਿੱਚ ਲੱਗਣ ਦੀ ਅਤੇ ਨਾ ਹੀ ਰਿਸ਼ਵਤ ਦੇਣ ਦੀ।
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਹਰ ਸਾਲ ਪੰਜਾਬ ਵਿੱਚ 8 ਲੱਖ ਦੇ ਕਰੀਬ ਇੰਤਕਾਲ ਹੁੰਦੇ ਹਨ, ਜਿੰਨਾਂ ਵਿੱਚੋਂ 6 ਲੱਖ ਇੰਤਕਾਲ ਰਜਿਸਟਰੀਆਂ ਦੇ ਅਤੇ 2 ਲੱਖ ਵਿਰਾਸਤੀ ਇੰਤਕਾਲ ਹੋ ਜਾਂਦੇ ਹਨ। ਇਹ ਇੰਤਕਾਲ ਕਰਵਾਉਣ ਲਈ ਅਕਸਰ ਲੋਕ ਕਈ ਮਹੀਨੇ ਧੱਕੇ ਖਾਂਦੇ ਸਨ ਪਰ ਹੁਣ ਨਾ ਇੰਤਕਾਲ ਵਿੱਚ ਪਟਵਾਰੀ ਅੜਿਕਾ ਖੜਾ ਕਰ ਸਕੇਗਾ ਅਤੇ ਨਾ ਹੀ ਰਿਸ਼ਵਤ ਦੇਣੀ ਪਵੇਗੀ। ਇੰਤਕਾਲ ਦਾ ਸਾਰਾ ਕੰਮ ਪਾਰਦਰਸ਼ੀ ਹੋਵੇਗਾ ਅਤੇ ਇਸ ਨੂੰ 30 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਰਪਟ ਐਂਟਰੀ ਲਈ ਹੁਣ ਕੋਈ ਕਾਗਜ਼ੀ ਕਾਰਵਾਈ ਕਰਨ ਜਾਂ ਦਫਤਰਾਂ ਦੇ ਧੱਕੇ ਖਾਣ ਦੀ ਲੋੜ ਨਹੀ। ਤੁਹਾਡਾ ਕੇਸ ਡਿਜੀਟਲ ਤੌਰ ਤੇ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ ਕੋਲ ਜਾਵੇਗਾ ਅਤੇ ਤੁਹਾਨੂੰ ਵਟਸਐਪ ਉੱਤੇ ਪਲ ਪਲ ਦੀ ਜਾਣਕਾਰੀ ਮਿਲੇਗੀ। ਇਸੇ ਤਰ੍ਹਾਂ ਫਰਦ ਬਦਰ ਦੀ ਸੇਵਾ ਆਨਲਾਈਨ ਕਰ ਦਿੱਤੀ ਗਈ ਹੈ ਅਤੇ ਮਾਲ ਰਿਕਾਰਡ ਵਿੱਚ ਤਰੁਟੀਆਂ ਆਸਾਨੀ ਨਾਲ ਦੂਰ ਹੋਣਗੀਆਂ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਕੋਈ ਵੀ ਨਾਗਰਿਕ ਸਾਲ ਦੇ 500 ਰੁਪਏ ਫੀਸ ਦੇ ਕੇ ਆਪਣੀ ਖੇਵਟ ਦੀ ਰਿਕਾਰਡ ਲਈ ਸਬਸਕ੍ਰਿਪਸ਼ਨ ਲੈ ਸਕਦਾ ਹੈ ਅਤੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਜਦੋਂ ਵੀ ਉਸਦੀ ਖੇਵਟ ਨਾਲ ਕੋਈ ਛੇੜ ਛਾੜ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਨੂੰ ਵਟਸਐਪ ਨੰਬਰ ਜਾਂ ਈਮੇਲ ਉੱਤੇ ਅਲਰਟ ਜਾਵੇਗਾ।