Pakistani don Bhatti: 7 ਦਿਨ ਪਹਿਲਾਂ ਕੀਤੇ ਗਏ ਇਸ ਪੋਡਕਾਸਟ ਵਿੱਚ, ਭੱਟੀ ਨੇ ਲਾਰੈਂਸ ਨਾਲ ਆਪਣੀ ਦੋਸਤੀ ਅਤੇ ਫਿਰ ਦੁਸ਼ਮਣੀ ਦੀ ਕਹਾਣੀ ਵੀ ਦੱਸੀ।
Moose wala Murder Case: 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 4 ਸ਼ੂਟਰਾਂ ਨੇ ਸਿੱਧੂ ਮੂਸੇਵਾਲਾ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਕੁਝ ਦਿਨ ਪਹਿਲਾਂ, ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਸੀ। ਇਸ ਤੋਂ ਬਾਅਦ ਲਗਾਤਾਰ ਇਹ ਕੇਸ ਕਿਸੇ ਨਾ ਕਿਸੇ ਅਪਡੇਟ ਕਰਕੇ ਚਰਚਾ ‘ਚ ਰਹਿੰਦਾ ਹੈ। ਹੁਣ ਇਸੇ ਮੁੱਦੇ ‘ਚ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੀ ਐਂਟਰੀ ਹੋਈ ਹੈ।
ਦੱਸ ਦਈਏ ਕਿ ਡੇਲੀ ਪੋਸਟ ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਗੈਂਗ ਦੇ ਨਾਲ ਕੁਝ ਸਿਆਸਤਦਾਨ ਅਤੇ ਸਰਕਾਰੀ ਅਧਿਕਾਰੀ ਵੀ ਸ਼ਾਮਲ ਸੀ। ਇਸ ਕਤਲ ਪਿੱਛੇ ਵਿਦੇਸ਼ ਬੈਠੇ ਲਾਰੈਂਸ ਦੇ ਕੁਝ ਦੋਸਤ ਵੀ ਸੀ। ਨਾਲ ਹੀ ਭੱਟੀ ਨੇ ਦਾਅਵਾ ਕੀਤਾ ਕਿ ਇੱਕ ਸਮੇਂ ਮੂਸੇਵਾਲਾ ਅਤੇ ਲਾਰੈਂਸ ਦੇ ਦੋਸਤਾਨਾ ਸਬੰਧ ਸੀ। ਮੂਸੇਵਾਲਾ ਲਾਰੈਂਸ ਨੂੰ ਖਰਚੇ ਆਦਿ ਲਈ ਪੈਸੇ ਭੇਜਦਾ ਸੀ, ਪਰ ਜਦੋਂ ਲਾਰੈਂਸ ਗੈਂਗ ਦੀ ਮੰਗ ਵਧੀ ਤਾਂ ਇਹ ਦੋਸਤੀ ਦੁਸ਼ਮਣੀ ਵਿੱਚ ਬਦਲ ਗਈ। ਇਸ ਤੋਂ ਬਾਅਦ ਮੂਸੇਵਾਲਾ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਗਈ।
ਸ਼ਹਿਜ਼ਾਦ ਭੱਟੀ ਨੇ ਇਹ ਦਾਅਵਾ ਇੱਕ ਪਾਕਿਸਤਾਨੀ ਪੋਡਕਾਸਟ ਵਿੱਚ ਕੀਤਾ, ਜਿਸਦੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ। 7 ਦਿਨ ਪਹਿਲਾਂ ਕੀਤੇ ਗਏ ਇਸ ਪੋਡਕਾਸਟ ਵਿੱਚ, ਭੱਟੀ ਨੇ ਲਾਰੈਂਸ ਨਾਲ ਆਪਣੀ ਦੋਸਤੀ ਅਤੇ ਫਿਰ ਦੁਸ਼ਮਣੀ ਦੀ ਕਹਾਣੀ ਵੀ ਦੱਸੀ। ਪੋਡਕਾਸਟ ਵਿੱਚ, ਭੱਟੀ ਨੇ ਇਹ ਵੀ ਕਿਹਾ ਕਿ ਲਾਰੈਂਸ ਖੁਦ ਕੁਝ ਨਹੀਂ ਕਰਦਾ। ਸਾਰੇ ਅਪਰਾਧ ਭਾਰਤ ਦੀਆਂ ਸਰਕਾਰੀ ਏਜੰਸੀਆਂ ਕਰਦੀਆਂ ਹਨ ਅਤੇ ਲਾਰੈਂਸ ਸਿਰਫ਼ ਉਨ੍ਹਾਂ ਦੀ ਜ਼ਿੰਮੇਵਾਰੀ ਲੈਂਦੀ ਹੈ। ਮੈਨੂੰ ਡੇਢ ਸਾਲ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ।
ਲਾਰੈਂਸ ਦੀ ਮੂਸੇਵਾਲਾ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ- ਭੱਟੀ
ਸ਼ਹਿਜ਼ਾਦ ਭੱਟੀ ਨੇ ਕਿਹਾ – ਲਾਰੈਂਸ ਦੀ ਮੂਸੇਵਾਲਾ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਸਗੋਂ ਲਾਰੈਂਸ ਦੇ ਕੁਝ ਦੋਸਤ ਵਿਦੇਸ਼ਾਂ ਵਿੱਚ ਸੀ ਜਿਨ੍ਹਾਂ ਨੇ ਉਸਨੂੰ ਮਾਰ ਦਿੱਤਾ। ਇਹ ਕਤਲ ਉਨ੍ਹਾਂ ਦੇ ਕਹਿਣ ‘ਤੇ ਕੀਤਾ ਗਿਆ ਸੀ। ਲਾਰੈਂਸ ਨੇ ਸਿਰਫ਼ ਕਤਲ ਦੀ ਜ਼ਿੰਮੇਵਾਰੀ ਲਈ। ਦਰਅਸਲ, ਲਾਰੈਂਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੂਸੇਵਾਲਾ 22 ਮਈ ਨੂੰ ਮਾਰਿਆ ਜਾਣਾ ਹੈ। ਲਾਰੈਂਸ ਗੈਂਗ ਦੇ ਕੁਝ ਲੋਕ ਲੰਬੇ ਸਮੇਂ ਤੋਂ ਮੂਸੇਵਾਲਾ ਦੇ ਪਿੱਛੇ ਸੀ। ਜਦੋਂ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਦੀ ਖ਼ਬਰ ਅਖ਼ਬਾਰਾਂ ਵਿੱਚ ਛਪੀ, ਤਾਂ ਪੂਰੀ ਯੋਜਨਾ ਬਣਾਈ ਗਈ। ਮੂਸੇਵਾਲਾ ਦੇ ਕਤਲ ਵਿੱਚ ਕਈ ਸਰਕਾਰੀ ਅਧਿਕਾਰੀ ਸ਼ਾਮਲ ਸਨ, ਜੋ ਸ਼ੂਟਰਾਂ ਨੂੰ ਉਸਦੀ ਹਰ ਹਰਕਤ ਦੱਸ ਰਹੇ ਸੀ।
ਹੋਰ ਪੈਸਿਆਂ ਦੀ ਮੰਗ ਕਰਕੇ ਦੋਵਾਂ ਵਿਚਕਾਰ ਵਿਗੜੇ ਸਬੰਧ
ਭੱਟੀ ਨੇ ਅੱਗੇ ਕਿਹਾ- ਮੂਸੇਵਾਲਾ ਨੇ ਆਪਣੇ ਕਈ ਗੀਤਾਂ ਵਿੱਚ ਕਿਹਾ ਸੀ ਕਿ ਕੁਝ ਗੈਂਗਸਟਰ ਉਸਨੂੰ ਮਾਰਨਾ ਚਾਹੁੰਦੇ ਹਨ। ਮੈਂ 100% ਜਾਣਦਾ ਹਾਂ ਕਿ ਮੂਸੇਵਾਲਾ ਲਾਰੈਂਸ ਨਾਲ ਗੱਲ ਕਰਦਾ ਸੀ ਕਿਉਂਕਿ ਮੂਸੇਵਾਲਾ ਖਰਚਿਆਂ ਲਈ ਲਾਰੈਂਸ ਨੂੰ ਪੈਸੇ ਭੇਜਦਾ ਸੀ। ਪਰ, ਜਦੋਂ ਮੂਸੇਵਾਲਾ ਥੋੜ੍ਹਾ ਮਸ਼ਹੂਰ ਹੋ ਗਿਆ, ਤਾਂ ਲਾਰੈਂਸ ਹੋਰ ਪੈਸੇ ਮੰਗਣ ਲੱਗ ਪਿਆ। ਇਸ ‘ਤੇ ਮੂਸੇਵਾਲਾ ਨੂੰ ਲੱਗਾ ਕਿ ਇਹ ਫਿਰੌਤੀ ਦਾ ਮਾਮਲਾ ਹੈ। ਇਸ ਤੋਂ ਬਾਅਦ ਮੂਸੇਵਾਲਾ ਨੇ ਪੈਸੇ ਦੇਣਾ ਬੰਦ ਕਰ ਦਿੱਤਾ। ਇਸ ‘ਤੇ ਦੋਵਾਂ ਦੀ ਦੋਸਤੀ ਦੁਸ਼ਮਣੀ ਵਿੱਚ ਬਦਲ ਗਈ।