Phagwara News: ਫਗਵਾੜਾ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬੇਖੌਫ਼ ਲੁਟੇਰੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਤਾਜ਼ਾ ਮਾਮਲਾ ਮੰਡੀ ਰੋਡ ਸੈਂਟਰਟਾਊਨ ਇਲਾਕੇ ‘ਚ ਸਾਹਮਣੇ ਆਇਆ ਹੈ, ਜਿੱਥੇ ਇੱਕ ਬਜ਼ੁਰਗ ਮਾਤਾ ਨਾਲ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਵਾਪਰੀ। ਮਿਲੀ ਜਾਣਕਾਰੀ ਅਨੁਸਾਰ, ਬਜ਼ੁਰਗ ਔਰਤ ਆਪਣੀ ਦਵਾਈ ਲੈਣ ਲਈ ਘਰ ਤੋਂ ਨਿਕਲੀ ਸੀ।
ਇਸ ਦੌਰਾਨ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਓਹਨਾ ਦੇ ਹੱਥ ਵਿੱਚ ਫੜਿਆ ਹੋਇਆ ਪਰਸ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਹਮਲੇ ਦੌਰਾਨ ਔਰਤ ਸੜਕ ‘ਤੇ ਡਿੱਗ ਪਈ ਜਿਸ ਕਾਰਨ ਉਹਨੂੰ ਗੰਭੀਰ ਸੱਟਾਂ ਆਈਆਂ। ਪੀੜਤ ਔਰਤ ਦੇ ਪੁੱਤਰ ਰਾਜੀਵ ਕੁਮਾਰ ਨੇ ਦੱਸਿਆ ਕਿ ਪਰਸ ਵਿੱਚ ਲਗਭਗ ₹4000 ਦੀ ਨਕਦੀ ਮੌਜੂਦ ਸੀ।
ਉਨ੍ਹਾਂ ਕਿਹਾ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਇਹ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ ਅਤੇ ਇਨ੍ਹਾਂ ਮਾੜੇ ਅਨਸਰਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ਼ਹਿਰ ਵਾਸੀਆਂ ਨੇ ਵੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਪੁਲਿਸ ਤੋਂ ਕਾਰਗਰ ਕਦਮ ਚੁੱਕਣ ਦੀ ਮੰਗ ਕੀਤੀ ਹੈ।