Punjab News; ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਫਿਰੌਤੀ ਮੰਗਣ ਵਾਲੇ ਗੈਂਗ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇੱਕ ਮੁਲਜ਼ਮ ਹਾਲੇ ਵੀ ਵਿਦੇਸ਼ ਵਿਚ ਹੈ। ਇਹ ਗੈਂਗ ਇੱਕ ਬਿਜ਼ਨਸਮੈਨ ਤੋਂ ਡੋਨੀ ਬੱਲ ਦੇ ਨਾਮ ‘ਤੇ ਫਿਰੌਤੀ ਦੀ ਮੰਗ ਕਰ ਰਿਹਾ ਸੀ। ਇਹ ਮਾਮਲਾ ਅੰਮ੍ਰਿਤਸਰ ਦੇ ਥਾਣਾ ਸਦਰ ‘ਚ ਦਰਜ ਕੀਤੇ ਗਏ ਐਫਆਈਆਰ ਨੰਬਰ 118 ਅਧੀਨ ਆਇਆ।
ਪੁਲਿਸ ਕਮਿਸ਼ਨਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੈਂਗ ਨੇ ਬਿਜ਼ਨਸਮੈਨ ਨੂੰ ਡਰਾਉਣ ਲਈ ਉਸ ਦੀ ਅਧੂਰੀ ਕੰਸਟਰਕਸ਼ਨ ਸਾਈਟ ‘ਤੇ ਗੋਲੀਆਂ ਚਲਾਈਆਂ ਜਾਂਚ ਦੌਰਾਨ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਮਾਸਟਰਮਾਈਂਡ ਹਰਪ੍ਰੀਤ ਸਿੰਘ ਉਰਫ ਹੈਪੀ, ਸਿਮਰਨ, ਅਮਨਦੀਪ ਤੇ ਸਿਮਰਤਪਾਲ ਸ਼ਾਮਲ ਹਨ।
ਹੈਪੀ ਅਤੇ ਸਿਮਰਨ ਨੂੰ ਸਿਵਲ ਲਾਈਨ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਜਿਥੇ ਪੁਲਿਸ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਵਿਚਾਲੇ ਗੋਲੀਬਾਰੀ ਹੋਈ। ਮੁਕਾਬਲੇ ਦੌਰਾਨ ਮਾਸਟਰਮਾਈਂਡ ਹੈਪੀ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ। ਦੂਜੇ ਪਾਸੇ ਅੱਜ ਪੁਲਿਸ ਨੇ ਅਮਨਦੀਪ ਸਿੰਘ ਉਰਫ ਅਮਨ ਪਹਿਲਵਾਨ ਤੇ ਸਿਮਰਤ ਪਾਲ ਸਿੰਘ ਨੂੰ ਕਾਬੂ ਕੀਤਾ ਸੀ ਅਤੇ ਇਸ ਦੌਰਾਨ ਜਦੋਂ ਅਮਨਦੀਪ ਸਿੰਘ ਨੇ ਦੱਸਿਆ ਕਿ ਉਸਨੇ ਵੇਰਕਾ ਬਾਈਪਾਸ ਤੇ ਇੱਕ ਪਿਸਤੌਲ ਲਕੋ ਕੇ ਰੱਖਿਆ ਸੀ ਤੇ ਜਦੋਂ ਪੁਲਿਸ ਉਸਨੂੰ ਨਿਸ਼ਾਨਦੇਹੀ ਲਈ ਲੈ ਕੇ ਆਈ ਤਾਂ ਇਸ ਦੌਰਾਨ ਅਮਨਦੀਪ ਸਿੰਘ ਉਰਫ ਅਮਨ ਪਹਿਲਵਾਨ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਅਮਨ ਦੇ ਲੱਤ ‘ਤੇ ਗੋਲੀ ਲੱਗੀ ਜੋ ਕਿ ਜ਼ਖਮੀ ਹੋ ਗਿਆ।
ਇਹ ਗੈਂਗ ਨਿਰਦੇਸ਼ਤ ਤੌਰ ‘ਤੇ ਸੁਖਦੇਵ ਸਿੰਘ ਦੁਆਰਾ ਚਲਾਇਆ ਜਾ ਰਿਹਾ ਸੀ, ਜੋ ਇਸ ਸਮੇਂ ਸਪੇਨ ਵਿੱਚ ਮੌਜੂਦ ਹੈ। ਪੁਲਿਸ ਨੇ ਉਸ ਖਿਲਾਫ਼ ਲੁੱਕ ਆਉਟ ਸਰਕੁਲਰ (LOC) ਜਾਰੀ ਕਰਨ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਸਾਰੀ ਕਾਰਵਾਈ ਪੁਲਿਸ ਦੀ ਅਲਰਟਨੈੱਸ ਅਤੇ ਤੁਰੰਤ ਕਾਰਵਾਈ ਦਾ ਨਤੀਜਾ ਸੀ, ਜਿਸ ਨਾਲ ਨਾ ਸਿਰਫ਼ ਮੁਲਜ਼ਮ ਗ੍ਰਿਫਤਾਰ ਹੋਏ, ਸਗੋਂ ਪੁਲਿਸ ਪਾਰਟੀ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ। ਮੁਲਜ਼ਮਾਂ ਕੋਲੋਂ 30 ਬੋਰ ਦੀ ਉੱਚ ਕੁਆਲਿਟੀ ਦੀ ਮਾਊਜ਼ਰ ਪਿਸਟਲ ਵੀ ਬਰਾਮਦ ਕੀਤੀ ਗਈ ਹੈ, ਜਿਸ ਨਾਲ ਉਹ ਬਿਜ਼ਨਸਮੈਨ ਨੂੰ ਡਰਾਉਣ ਲਈ ਗੋਲੀਆਂ ਚਲਾਈਆਂ ਗਈਆਂ ਸਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੇ ਮੁਲਜ਼ਮ ਡੋਨੀ ਬੱਲ ਦਾ ਨਾਮ ਲੈ ਕੇ ਲੋਕਾਂ ਨੂੰ ਡਰਾਉਂਦੇ ਤੇ ਫਿਰੌਤੀ ਦੀ ਮੰਗ ਕਰਦੇ ਸਨ। ਗੈਂਗ ਦੇ ਕਾਲੀਆਂ ਹਰਕਤਾਂ ਦੀ ਪੂਰੀ ਜਾਂਚ ਜਾਰੀ ਹੈ ਅਤੇ ਹੋਰ ਗੈਂਗ ਮੈਂਬਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਪੁਲਿਸ ਵਲੋਂ ਚਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਅਤੇ ਗੈਂਗ ਦੀ ਕਾਰਗੁਜ਼ਾਰੀ ਦਾ ਪਰਦਾਫਾਸ਼ ਕਰਨਾ ਸਥਾਨਕ ਬਿਜ਼ਨਸਮੈਨ ਸਮੂਦਾਇ ਲਈ ਇੱਕ ਵੱਡੀ ਰਾਹਤ ਦੀ ਗੱਲ ਹੈ।