Punjab News; ਸੰਗਰੂਰ ਦੀ ਜੇਲ੍ਹ ‘ਚ ਇੱਕ ਕੈਦੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੱਲ ਰਾਤ ਸੰਗਰੂਰ ਜੇਲ੍ਹ ‘ਚ ਇੱਕ ਕੈਦੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ ਲਿਆਂਦਾ ਗਿਆ। ਉਸ ਤੋਂ ਬਾਅਦ ਪਰਿਵਾਰ ਨੇ ਆ ਕੇ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਆਰੋਪ ਲਗਾਏ ਹਨ ਕਿ ਉਨਾਂ ਦੇ ਮੁੰਡੇ ਨੂੰ ਮਾਰਿਆ ਗਿਆ ਹੈ।
ਉੱਥੇ ਹੀ ਮ੍ਰਿਤਕ ਦੇ ਪਿਤਾ ਤੇ ਉਸਦੇ ਰਿਸ਼ਤੇਦਾਰਾਂ ਨੇ ਗੱਲਬਾਤ ਕਰਨ ‘ਤੇ ਦੱਸਿਆ ਕਿ ਉਸਦੀ 7 ਤਰੀਕ ਨੂੰ ਪੇਸ਼ੀ ਸੀ ਅਤੇ ਉਸ ਤੋਂ ਪਹਿਲਾਂ ਜਦੋਂ ਉਹਨਾਂ ਦੀ ਬੇਟੇ ਨਾਲ ਗੱਲ ਹੋਈ ਤਾਂ ਉਸਨੇ ਕਿਹਾ ਕਿ ਉਹ ਸੰਗਰੂਰ ਜੇਲ੍ਹ ‘ਚ ਖੁਸ਼ ਨਹੀਂ ਹੈ। ਇੱਥੇ ਪੁਲਿਸ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਅੱਜ ਉਨਾਂ ਦਾ ਮੁੰਡਾ ਇਸ ਦੁਨੀਆਂ ‘ਤੇ ਨਹੀਂ ਰਿਹਾ।
ਉੱਥੇ ਹੀ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਉੱਤੇ ਆਰੋਪ ਲਗਾਏ ਹਨ ਕਿ ਉਸਦੇ ਬੇਟੇ ਨੂੰ ਤੰਗ ਕੀਤਾ ਜਾਂਦਾ ਸੀ। ਜਿਸ ਦੇ ਕਰਕੇ ਜੇਲ੍ਹ ਵਿੱਚ ਹੀ ਉਸਦਾ ਕਤਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਪਿਤਾ ਤੇ ਰਿਸ਼ਤੇਦਾਰਾਂ ਨੇ ਇਹ ਮੰਗ ਕੀਤੀ ਹੈ ਕਿ ਉਸਦੇ ਬੱਚੇ ਦਾ ਪੋਸਟਮਾਰਟਮ ਸੰਗਰੂਰ ਦੇ ਵਿੱਚ ਨਾ ਕੀਤਾ ਜਾਵੇ ਕਿਉਂਕਿ ਉਹਨਾਂ ਨੂੰ ਇੱਥੇ ਦੇ ਪ੍ਰਸ਼ਾਸਨ ‘ਤੇ ਭਰੋਸਾ ਨਹੀਂ ਹੈ ਅਤੇ ਰਿਪੋਰਟ ਗਲਤ ਵੀ ਦਿੱਤੀ ਜਾ ਸਕਦੀ ਹੈ। ਇਸ ਕਰਕੇ ਉਹ ਅਪੀਲ ਕਰਦੇ ਹਨ ਕਿ ਇਹ ਪੋਸਟਮਾਰਟਮ ਪਟਿਆਲਾ ਜਾਂ ਚੰਡੀਗੜ੍ਹ ਪੀਜੀਆਈ ਦੇ ਵਿੱਚ ਹੋਵੇ।
ਉੱਥੇ ਹੀ ਡੀਐਸਪੀ ਸੁਖਦੇਵ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਡਰ ਟਰਾਇਲ ‘ਤੇ ਆਇਆ ਇਹ ਵਿਅਕਤੀ ਫਾਹਾ ਲੈ ਕੇ ਮਰਿਆ ਹੈ ਅਤੇ ਇਹ ਤਰਨ ਤਾਰਨ ਦਾ ਰਹਿਣ ਵਾਲਾ ਹੈ। ਤਰਨ ਤਾਰਨ ‘ਚ ਹੀ ਮਾਮਲਾ ਦਰਜ ਸੀ। ਉਸਦੇ ਅਧੀਨ ਇਹ ਸੰਗਰੂਰ ਜੇਲ੍ਹ ਦੇ ਵਿੱਚ ਆਇਆ ਸੀ। ਇਸ ਦੇ ਨਾਲ ਹੀ ਉਹਨਾਂ ਨੇ ਕਤਲ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਅਤੇ ਜੇਲ੍ਹ ਪ੍ਰਸ਼ਾਸਨ ਦੀ ਜਾਣਕਾਰੀ ਮੁਤਾਬਿਕ ਇਸ ਨੇ ਫਾਹਾ ਲੈ ਕੇ ਆਪਣੇ ਆਪ ਨੂੰ ਮਾਰਿਆ ਹੈ।
ਉੱਥੇ ਹੀ ਪੋਸਟਮਾਰਟਮ ‘ਤੇ ਗੱਲ ਕਰਦੇ ਕਿਹਾ ਕਿ ਪੋਸਟਮਾਰਟਮ ਵੀਡੀਓਗ੍ਰਾਫੀ ਅਤੇ ਡਾਕਟਰ ਦੀ ਹਾਜ਼ਰੀ ਦੇ ਵਿੱਚ ਹੁੰਦਾ ਹੈ ਅਤੇ ਕਾਨੂੰਨ ਮੁਤਾਬਿਕ ਜਿੱਥੇ ਵਿਅਕਤੀ ਦੀ ਮੌਤ ਹੈ, ਉੱਥੇ ਹੀ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਹੁਣ ਡਾਕਟਰ ਅਤੇ ਵੀਡੀਓਗ੍ਰਾਫੀ ਦੀ ਨਿਗਰਾਨੀ ਹੇਠ ਇਹ ਪੋਸਟਮਾਰਟਮ ਕੀਤਾ ਜਾ ਰਿਹਾ ਹੈ।