Sri Fatehgarh Sahib News: ਰਾਜਾ ਵੜਿੰਗ ਨੇ ਕਿਹਾ ਕਿ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਸਮੇਂ ਹੱਥਾਂ ਵਿੱਚ ਹੱਥ ਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਾ ਕੇ ਤੌਹੀਨ ਕੀਤੀ ਜਾ ਰਹੀ ਹੈ।
Punjab Congress Raja Warring: ਕਾਂਗਰਸ ਪਾਰਟੀ ਨੇ ਹੁਣ ਤੋਂ ਹੀ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਖਿੱਚ ਦਿੱਤੀਆਂ ਹਨ ਜਿਸ ਨੂੰ ਲੈ ਕੇ ਜਿਲਾ ਵਾਈਜ ਰਿਵਿਊ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਜਿਸ ਦੇ ਤਹਿਤ ਫਤਿਹਗੜ੍ਹ ਸਾਹਿਬ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਰਵਿੰਦਰ ਡਾਲਵੀ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਜ਼ਿਲਾ ਪ੍ਰਧਾਨ ਡਾ. ਸਿਕੰਦਰ ਸਿੰਘ ਨੇ ਸ਼ਮੂਲੀਅਤ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਦਿੱਲੀ ਵਿੱਚ ਹੋਈ ਕਾਂਗਰਸ ਪਾਰਟੀ ਦੀ ਹਾਰ ਨੂੰ ਲੈ ਕੇ ਪਾਰਟੀ ਨੂੰ ਜਿਥੇ ਚਿੰਤਨ ਮੰਥਨ ਕਰਨ ਦੀ ਲੋੜ, ਉੱਥੇ ਹੀ ਲੰਮੇ ਸਮੇਂ ਤੋਂ ਸੱਤਾ ਭੋਗ ਰਹੀ ਆਮ ਆਦਮੀ ਪਾਰਟੀ ਨੂੰ ਦਿੱਲੀ ਨਿਵਾਸੀ ਹਰਾਉਣਾ ਵੀ ਚਾਹੁੰਦੇ ਸਨ ।
ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਗੈਰ ਕਾਨੂੰਨੀ ਢੰਗ ਨਾਲ ਗਏ ਪਰਵਾਸੀ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਸਮੇਂ ਹੱਥਾਂ ਵਿੱਚ ਹੱਥ ਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਾ ਕੇ ਤੌਹੀਨ ਕੀਤੀ ਜਾ ਰਹੀ ਹੈ। ਜੋ ਕਿ ਕੇਂਦਰ ਦੀ ਬੀਜੇਪੀ ਸਰਕਾਰ ਜਾਣ ਬੁੱਝ ਕੇ ਕਰਵਾ ਰਹੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੋਲੰਬੀਆ ਇੱਕ ਛੋਟਾ ਜਿਹਾ ਦੇਸ਼ ਹੈ ਜਿਸ ਨੇ ਖੁਦ ਆਪਣਾ ਜਹਾਜ਼ ਭੇਜ ਕੇ ਆਪਣੇ ਨਾਗਰਿਕਾਂ ਨੂੰ ਉਥੋਂ ਲਿਆਂਦਾ।
ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਰਲ ਕੇ ਆਪਣੀਆਂ ਜਮੀਨਾਂ ਅਤੇ ਘਰਾਂ ਨੂੰ ਗਿਰਵੀ ਰੱਖ ਕੇ ਵਿਦੇਸ਼ ਗਏ ਨੌਜਵਾਨਾਂ ਨੂੰ ਵਾਪਸ ਪਰਤਣ ਅਤੇ ਪੈਰਾਂ ‘ਤੇ ਖੜ੍ਹੇ ਹੋਣ ਲਈ ਨੌਕਰੀਆਂ ਮੁਹਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਜਦੋਂ ਕਿ ਏਅਰਪੋਰਟ ਤੇ ਡਿਪੋਰਟ ਹੋ ਕੇ ਆਉਣ ਵਾਲੇ ਨੌਜਵਾਨਾਂ ਨਾਲ ਜੱਫੀਆਂ ਪਾ ਕੇ ਹਮਦਰਦੀ ਪ੍ਰਗਟ ਕਰਕੇ ਕੁਝ ਨਹੀਂ ਬਣਨਾ । ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਹੀ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਂਦਾ ਤਾਂ ਲੱਖਾਂ ਰੁਪਏ ਖਰਚ ਕੇ ਕਿਉਂ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵਿੱਚ ਰੋਜ਼ਗਾਰ ਦੀ ਭਾਲ ਵਿੱਚ ਜਾਂਦੀ ।
ਸੂਬਾ ਕਾਂਗਰਸ ਪ੍ਰਧਾਨ ਨੇ ਗੈਰ ਕਾਨੂੰਨੀ ਢੰਗ ਨਾਲ ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਾਲੇ ਫਰਜ਼ੀ ਏਜੰਟਾ ਖਿਲਾਫ ਵੀ ਸਖਤ ਕਾਰਵਾਈ ਕਰਨ ਦੀ ਮੰਗ ਚੁੱਕੀ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਸ਼੍ਰੀ ਰਵਿੰਦਰ ਡਾਲਵੀ ਕਿਹਾ ਕਿ ਪਾਰਟੀ ਵੱਲੋਂ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਭਰ ਵਿੱਚ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਨਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ ਤੇ ਇਸ ਨਾਲ ਕਾਂਗਰਸ ਪਾਰਟੀ ਦਾ ਕਿਸੇ ਵੀ ਚੋਣਾਂ ਵਿੱਚ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ, ਜਦੋਂ ਕਿ ਪਹਿਲਾਂ ਇੰਡੀਆ ਅਲਾਇੰਸ ਵਿੱਚ ਸਮਝੌਤਾ ਕਰਕੇ ਹੁਣ ਉਸ ਤੇ ਪਛਤਾਵਾ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਨਕਾਰਿਆ ਹੈ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੀ ਜਨਤਾ ਨਕਾਰੇਗੀ ਜਿਸ ਲਈ ਚੋਣਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਸਾਰੇ ਧਰਮਾਂ ਨੂੰ ਜੋੜ ਕੇ ਰੱਖ ਸਕਦੀ ਹੈ।