Punjab Cabinet Meeting; ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ, ਜਿਸ ‘ਚ ਸਰਕਾਰ ਨੇ ਕਈ ਵੱਡੇ ਫੈਸਲੇ ਲਏ ਹਨ। ਪੰਜਾਬ ਮੁੱਖ ਮੰਤਰੀ ਰਿਹਾਇਸ਼ ‘ਚ ਹੋਈ ਇਸ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਮੀਟਿੰਗ ‘ਚ ਲਏ ਫੈਸਲਿਆ ਦੀ ਜਾਣਕਾਰੀ ਦਿੱਤੀ। ਸਰਕਾਰ ਨੇ ਹੁਣ ਗਰੁੱਪ-ਡੀ ਲਈ ਉਮਰ ਯੋਗਤਾ 2 ਸਾਲ ਵਧਾ ਦਿੱਤੀ ਹੈ।
ਮੰਤਰੀ ਚੀਮਾ ਨੇ ਦੱਸਿਆ ਕਿ ਗਰੁੱਪ-ਡੀ ਦੀ ਭਰਤੀ ਲਈ ਪਹਿਲਾਂ ਉਮਰ ਯੋਗਤਾ 18 ਤੋਂ 35 ਸਾਲ ਸੀ। ਇਸ ਉਮਰ ਯੋਗਤਾ ‘ਚ 2 ਸਾਲ ਦਾ ਵਾਧਾ ਕੀਤਾ ਗਿਆ ਹੈ। ਹੁਣ ਗਰੁੱਪ ਡੀ ਯਾਨੀ ਕਲਾਸ ਚਾਰ ਦੀਆਂ ਨੌਕਰੀਆਂ ਲਈ ਹੁਣ 18 ਤੋਂ 37 ਸਾਲ ਉਮਰ ਯੋਗਤਾ ਹੋਵੇਗੀ। ਹੁਣ ਜਦੋਂ ਵੀ ਸਰਕਾਰ ਗਰੁੱਪ-ਡੀ ਦੀਆਂ ਨੌਕਰੀਆਂ ਲਈ ਭਰਤੀ ਕਰੇਗੀ ਤਾਂ ਕੋਈ ਵੀ 18 ਤੋਂ 37 ਸਾਲਾਂ ਦਾ ਵਿਅਕਤੀ ਇਸ ਲਈ ਅਪਲਾਈ ਕਰ ਸਕਦਾ ਹੈ।
ਇਸ ਦੇ ਨਾਲ ਹੀ, ਘਟੀਆ ਬੀਜਾਂ ਦੀ ਮਾਰਕੀਟਿੰਗ ਕਰਨ ਵਾਲਿਆਂ ‘ਤੇ ਸਖ਼ਤ ਸਜ਼ਾ ਅਤੇ ਜੁਰਮਾਨਾ ਲਗਾਇਆ ਜਾਵੇਗਾ। ਇਸ ਲਈ ਬੀਜ ਐਕਟ ਵਿੱਚ ਸੋਧ ਕੀਤੀ ਗਈ ਹੈ। ਪੇਂਡੂ ਵਿਕਾਸ ਵਿਭਾਗ ਤੋਂ ਪਸ਼ੂ ਪਾਲਣ ਵਿਭਾਗ ਵਿੱਚ ਤਬਦੀਲ ਕੀਤੇ ਗਏ ਸਟਾਫ ਦਾ ਕਾਰਜਕਾਲ ਇੱਕ ਸਾਲ ਵਧਾ ਦਿੱਤਾ ਗਿਆ ਹੈ। ਹੁਣ ਵੈਟ ਵਿੱਚ ਸੇਵਾ ਨਿਭਾ ਰਹੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਤਨਖਾਹ ਦਿੱਤੀ ਜਾਵੇਗੀ।