ਮੋਗਾ, 25 ਜੁਲਾਈ 2025 – ਮੋਗਾ ਦੇ ਸਿਵਲ ਹਸਪਤਾਲ ਵਿੱਚ ਅਚਾਨਕ ਬਿਜਲੀ ਸਪਲਾਈ ਰੁਕਣ ਕਾਰਨ ਕੁਝ ਸਮੇਂ ਲਈ ਹੜਕੰਪ ਮਚ ਗਿਆ, ਪਰ ਹਸਪਤਾਲ ਦੀ ਮੈਡੀਕਲ ਟੀਮ ਨੇ ਸਮੇਂ ‘ਤੇ ਸਜੱਗਤਾ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਦੇ ਹੋਏ ਨਵਜਾਤ ਬੱਚੇ ਦੀ ਜ਼ਿੰਦਗੀ ਬਚਾ ਲਈ।
ਇਸ ਮੌਕੇ ਐਡੀਸੀ ਚਾਰੁਮਿਤਾ ਅਤੇ ਸੀਐਮਓ ਡਾ. ਸਿਮਰਤ ਖੋਸਾ ਵੀ ਮੌਜੂਦ ਰਹੇ। ਹਸਪਤਾਲ ਦੀ ਕਾਰਗੁਜ਼ਾਰੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਸ਼ਲਾਘਾ ਕੀਤੀ।
ਵਿਧਾਇਕ ਅਮਨਦੀਪ ਅਰੋੜਾ ਨੇ ਅਸਪਤਾਲ ਦਾ ਦੌਰਾ ਕਰਕੇ ਪ੍ਰਭਾਵਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਮੈਡੀਕਲ ਟੀਮ ਦੀ ਖੁਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ:
“ਕਿਸੇ ਵੀ ਮਕੈਨਿਕਲ ਸਿਸਟਮ ਵਿੱਚ ਖਰਾਬੀ ਆ ਸਕਦੀ ਹੈ, ਪਰ ਅਸਲ ਇਮਤਿਹਾਨ ਤਦ ਹੁੰਦਾ ਹੈ ਜਦੋਂ ਅਜਿਹੀ ਸਥਿਤੀ ਵਿੱਚ ਕੰਮ ਕਰ ਰਹੇ ਲੋਕ ਆਪਣੀ ਡਿਊਟੀ ਨਾਲ ਕਿੰਨੇ ਇਮਾਨਦਾਰ ਹਨ। ਮੋਗਾ ਹਸਪਤਾਲ ਦੀ ਟੀਮ ਨੇ ਸਾਬਤ ਕਰ ਦਿੱਤਾ ਕਿ ਉਹ ਸਿਰਫ ਤਜਰਬੇਕਾਰ ਹੀ ਨਹੀਂ, ਸਗੋਂ ਸਮਰਪਿਤ ਵੀ ਹੈ।”
ਵਿਧਾਇਕ ਨੇ ਦੱਸਿਆ ਕਿ ਨਵਜਾਤ ਹੁਣ ਪੂਰੀ ਤਰ੍ਹਾਂ ਸਿਹਤਮੰਦ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਮੈਡੀਕਲ ਟੀਮ ਕਿੰਨੀ ਤਿਆਰ ਅਤੇ ਯੋਗ ਹੈ।
ਉਨ੍ਹਾਂ ਕਿਹਾ, “ਡਾਕਟਰਾਂ ਲਈ ਇਹ ਸਿਰਫ ਇੱਕ ਡਿਊਟੀ ਨਹੀਂ ਸੀ, ਇਹ ਉਨ੍ਹਾਂ ਲਈ ਇੱਕ ਮਿਸ਼ਨ ਸੀ, ਜਿਸਨੂੰ ਉਨ੍ਹਾਂ ਪੂਰੇ ਜਜ਼ਬੇ ਨਾਲ ਨਿਭਾਇਆ।”
ਇਸ ਘਟਨਾ ਨੇ ਹਸਪਤਾਲਾਂ ਵਿੱਚ ਬੈਕਅੱਪ ਪਾਵਰ ਸਿਸਟਮ ਅਤੇ ਤਕਨੀਕੀ ਨਿਗਰਾਨੀ ਦੀ ਲੋੜ ਨੂੰ ਵੀ ਉਜਾਗਰ ਕੀਤਾ ਹੈ। ਡਾ. ਅਰੋੜਾ ਨੇ ਦੱਸਿਆ ਕਿ ਉਹ ਸੰਬੰਧਤ ਵਿਭਾਗਾਂ ਨਾਲ ਗੱਲ ਕਰ ਰਹੀਆਂ ਹਨ ਤਾਂ ਜੋ ਭਵਿੱਖ ਵਿੱਚ ਅਜਿਹੀ ਸਥਿਤੀ ਨਾ ਆਵੇ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵਧੀਆ ਪਾਵਰ ਬੈਕਅੱਪ ਅਤੇ ਨਿਗਰਾਨੀ ਪ੍ਰਣਾਲੀ ਜਲਦੀ ਲਾਗੂ ਕੀਤੀ ਜਾ ਸਕੇ।