ਮੋਹਾਲੀ, 28 ਜੁਲਾਈ: ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੀ ਹਕੀਕਤ ਉਸ ਵੇਲੇ ਬੇਨਕਾਬ ਹੋ ਗਈ, ਜਦੋਂ ਮੋਹਾਲੀ ਦੇ ਪਿੰਡ ਮਟੌਰ ‘ਚ ਇੱਕ ਹੋਰ ਨੌਜਵਾਨ ਨੇ ਨਸ਼ੇ ਦੀ ਓਵਰਡੋਜ਼ ਕਾਰਨ ਆਪਣੀ ਜਾਨ ਗਵਾ ਲਈ। ਦਿਲ ਦਹਲਾ ਦੇਣ ਵਾਲਾ ਇਹ ਮਾਮਲਾ ਪਿਛਲੇ ਦੋ ਮਹੀਨਿਆਂ ‘ਚ ਇਲਾਕੇ ‘ਚ ਚਿੱਟੇ ਨਾਲ ਜੁੜੀ ਦੂਜੀ ਮੌਤ ਹੈ।
ਨਸ਼ੇ ਦੀ ਹਾਲਤ ‘ਚ ਛੱਡ ਕੇ ਭੱਜ ਗਏ ਦੋਸਤ
ਮ੍ਰਿਤਕ ਦੀ ਪਛਾਣ ਪਿੰਡ ਮਟੌਰ ਨਿਵਾਸੀ 22 ਸਾਲਾ ਸੋਨੂ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਦੇ ਕੁਝ ਦੋਸਤ ਉਸਨੂੰ ਕੰਮ ਲਵਾਉਣ ਦੇ ਨਾਂ ‘ਤੇ ਕਿਤੇ ਲੈ ਗਏ ਸਨ। ਕੁਝ ਘੰਟਿਆਂ ਬਾਅਦ ਉਹ ਸੋਨੂ ਨੂੰ ਗੰਭੀਰ ਹਾਲਤ ਵਿੱਚ ਘਰ ਦੇ ਬਾਹਰ ਛੱਡ ਕੇ ਭੱਜ ਗਏ। ਉਸ ਸਮੇਂ ਸੋਨੂ ਦੇ ਮੂੰਹ ‘ਤੇ ਕਪੜਾ ਬਣ੍ਹਿਆ ਹੋਇਆ ਸੀ ਅਤੇ ਉਹ ਬੇਹੋਸ਼ ਸੀ।
ਹਸਪਤਾਲ ‘ਚ ਇਲਾਜ ਦੌਰਾਨ ਹੋਈ ਮੌਤ
ਪਰਿਵਾਰ ਨੇ ਤੁਰੰਤ ਸੋਨੂ ਨੂੰ ਹਸਪਤਾਲ ਪਹੁੰਚਾਇਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਦਾ ਦੱਸਣਾ ਹੈ ਕਿ ਇਹ ਸਾਫ਼ ਨਸ਼ੇ ਦੀ ਓਵਰਡੋਜ਼ ਦਾ ਮਾਮਲਾ ਹੈ ਅਤੇ ਉਹਨਾਂ ਦੇ ਬੇਟੇ ਦੀ ਮੌਤ ਲਈ ਉਨ੍ਹਾਂ ਦੋਸਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜੋ ਉਸਨੂੰ ਛੱਡ ਕੇ ਭੱਜ ਗਏ।
ਇਨਸਾਫ਼ ਦੀ ਮੰਗ, ਅੰਤਿਮ ਸੰਸਕਾਰ ਤੋਂ ਇਨਕਾਰ
ਸੋਨੂ ਦੇ ਪਰਿਵਾਰ ਨੇ ਸਖ਼ਤ ਰਵੱਈਆ ਅਖਤਿਆਰ ਕਰਦਿਆਂ ਐਲਾਨ ਕੀਤਾ ਹੈ ਕਿ ਜਦ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਆਪਣੇ ਬੇਟੇ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ।
ਸਥਾਨਕ ਲੋਕਾਂ ‘ਚ ਰੋਸ
ਇਲਾਕੇ ‘ਚ ਵਧ ਰਹੀ ਨਸ਼ਾ ਤਸਕਰੀ ਅਤੇ ਨੌਜਵਾਨਾਂ ਦੀ ਮੌਤਾਂ ਕਾਰਨ ਸਥਾਨਕ ਲੋਕਾਂ ‘ਚ ਰੋਸ ਦੀ ਲਹਿਰ ਹੈ। ਲੋਕਾਂ ਨੇ ਪ੍ਰਸ਼ਾਸਨ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਨਸ਼ਾ ਮਾਫੀਆ ਖ਼ਿਲਾਫ਼ ਠੋਸ ਕਾਰਵਾਈ ਕਰਨ ਦੀ ਲੋੜ ਹੈ, ਨਾ ਕਿ ਸਿਰਫ਼ ਕਾਗਜ਼ੀ ਮੁਹਿੰਮ।