Punjab News: ਖੰਨਾ ਸਿਵਲ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੰਜਾਬ ਸਰਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਪੜ੍ਹੋ ਪੂਰਾ ਮਾਮਲਾ…
Suspended Gynecologist of Khanna Civil Hospital: ਪੰਜਾਬ ਸਰਕਾਰ ਨੇ ਖੰਨਾ ਸਿਵਲ ਹਸਪਤਾਲ ਦੀ ਗਾਇਨੀਕੋਲੋਜਿਸਟ ਡਾ. ਕਵਿਤਾ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਕਾਰਵਾਈ ਡਿਊਟੀ ਵਿੱਚ ਲਾਪਰਵਾਹੀ ਦੇ ਦੋਸ਼ਾਂ ਕਾਰਨ ਕੀਤੀ ਗਈ ਹੈ। ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਕਾਰਵਾਈ ਚਾਰ ਦਿਨ ਪਹਿਲਾਂ ਵਾਪਰੀ ਇੱਕ ਘਟਨਾ ਤੋਂ ਬਾਅਦ ਕੀਤੀ ਗਈ ਹੈ। ਖੰਨਾ ਸਿਵਲ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਨਵਜੰਮੇ ਬੱਚੇ ਦੀ ਮੌਤ ਹੋ ਗਈ।
ਸ਼ੁੱਕਰਵਾਰ ਸਵੇਰੇ ਖੁਦ ਖੰਨਾ ਹਸਪਤਾਲ ਪਹੁੰਚੇ ਸਿਹਤ ਮੰਤਰੀ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ, ਉਨ੍ਹਾਂ ਨੇ ਸਿਵਲ ਸਰਜਨ ਨੂੰ ਤਿੰਨ ਡਾਕਟਰਾਂ ਦੀ ਜਾਂਚ ਕਮੇਟੀ ਬਣਾਉਣ ਦੇ ਹੁਕਮ ਦਿੱਤੇ। ਜਾਂਚ ਵਿੱਚ ਪਾਇਆ ਗਿਆ ਕਿ ਗਾਇਨੀਕੋਲੋਜਿਸਟ ਡਾ. ਕਵਿਤਾ ਸ਼ਰਮਾ ਵੱਲੋਂ ਲਾਪਰਵਾਹੀ ਕੀਤੀ ਗਈ ਹੈ।
ਗਾਇਨੀਕੋਲੋਜਿਸਟ ਡਾ. ਕਵਿਤਾ ਸ਼ਰਮਾ ਨੇ ਵਰਤੀ ਲਾਪਰਵਾਹੀ
ਮੰਤਰੀ ਨੇ ਕਿਹਾ ਕਿ ਸਾਨੂੰ ਅਜਿਹੇ ਡਾਕਟਰਾਂ ਦੀ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਰਹੇਗੀ। ਜੇਕਰ ਸੰਭਵ ਹੋਵੇ ਤਾਂ ਡਾਕਟਰ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।
ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ ਜਦੋਂ ਮਨਪ੍ਰੀਤ ਕੌਰ ਨਾਮ ਦੀ ਇੱਕ ਔਰਤ ਦੀ ਜਣੇਪਾ ਹੋਣ ਵਾਲੀ ਸੀ। ਔਰਤ ਨੂੰ ਰਾਤ ਨੂੰ ਸਿਵਲ ਹਸਪਤਾਲ ਤੋਂ ਰੈਫਰ ਕੀਤਾ ਗਿਆ। ਪਰਿਵਾਰਕ ਮੈਂਬਰਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਐਸਐਮਓ ਡਾ. ਮਨਿੰਦਰ ਭਸੀਨ ਨੇ ਡਿਲੀਵਰੀ ਲਈ ਆਨ ਕਾਲ ਡਿਊਟੀ ਡਾਕਟਰ ਕਵਿਤਾ ਸ਼ਰਮਾ ਨੂੰ ਬੁਲਾਇਆ। ਪਰ ਕਵਿਤਾ ਨੇ ਇਨਕਾਰ ਕਰ ਦਿੱਤਾ।
ਔਰਤ ਦੀ ਹਾਲਤ ਨੂੰ ਦੇਖਦਿਆਂ, ਐਸਐਮਓ ਨੇ ਪ੍ਰਾਈਵੇਟ ਅਤੇ ਸਰਕਾਰੀ ਡਾਕਟਰਾਂ ਨੂੰ ਨਾਲ ਲੈ ਕੇ ਆਪਰੇਸ਼ਨ ਕੀਤਾ ਅਤੇ ਔਰਤ ਦੀ ਜਾਨ ਬਚਾਈ। ਨਵਜੰਮੀ ਬੱਚੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਰੈਫਰ ਕਰ ਦਿੱਤਾ ਗਿਆ। ਬੱਚੀ ਦੀ ਚੰਡੀਗੜ੍ਹ ਜਾਂਦੇ ਸਮੇਂ ਮੌਤ ਹੋ ਗਈ।