Punjab News: ਮੰਤਰੀ ਮੁੰਡੀਆਂ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ 176 ਪਿੰਡਾਂ ਦੇ ਲੋਕਾਂ, ਜਿਨ੍ਹਾਂ ਦੀ ਮੌਜੂਦਾ ਆਬਾਦੀ ਲਗਭਗ 3.05 ਲੱਖ ਹੈ, ਨੂੰ ਪੀਣ ਵਾਲਾ ਸਾਫ ਪਾਣੀ ਉਪਲੱਬਧ ਕਰਵਾਇਆ ਜਾਵੇਗਾ।
Rural Drinking Water Supply Schemes: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬੇ ਲੋਕਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦ੍ਰਿੜਤਾ ਨਾਲ ਅੱਗੇ ਤੋਰਦਿਆਂ ਪੰਜਾਬ ਸਰਕਾਰ ਜਲਦੀ ਹੀ ਲਗਭਗ 315 ਕਰੋੜ ਰੁਪਏ ਦੀਆਂ ਦੋ ਅਹਿਮ ਯੋਜਨਾਵਾਂ ਸ਼ੁਰੂ ਕਰੇਗੀ।
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਪੇਂਡੂ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਤੇ ਮਜ਼ਬੂਤ ਕਰਨਾ ਅਤੇ ਸਪਲਾਈ ਪ੍ਰਣਾਲੀਆਂ ਦੀ ਸਥਿਰਤਾ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ 159.95 ਕਰੋੜ ਰੁਪਏ ਦੀ ਲਾਗਤ ਨਾਲ, 144 ਪੇਂਡੂ ਜਲ ਸਪਲਾਈ ਸਕੀਮਾਂ ਦੇ ਵਾਧੇ/ਵੰਡ ਲਈ ਇੱਕ ਪ੍ਰੋਜੈਕਟ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ।
ਮੁੰਡੀਆਂ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ 176 ਪਿੰਡਾਂ ਦੇ ਲੋਕਾਂ, ਜਿਨ੍ਹਾਂ ਦੀ ਮੌਜੂਦਾ ਆਬਾਦੀ ਲਗਭਗ 3.05 ਲੱਖ ਹੈ, ਨੂੰ ਪੀਣ ਵਾਲਾ ਸਾਫ ਪਾਣੀ ਉਪਲੱਬਧ ਕਰਵਾਇਆ ਜਾਵੇਗਾ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਸ ਤੋਂ ਇਲਾਵਾ, ਸਾਲ 2025-26 ਲਈ 153.22 ਕਰੋੜ ਰੁਪਏ ਦੀ ਲਾਗਤ ਨਾਲ, ਪੰਜਾਬ ਦੇ 21 ਜ਼ਿਲ੍ਹਿਆਂ ਵਿੱਚ 125 ਪੇਂਡੂ ਜਲ ਸਪਲਾਈ ਸਕੀਮਾਂ ਦੇ ਵਾਧੇ/ਵੰਡ ਦਾ ਪ੍ਰਸਤਾਵ ਵੀ ਯੋਜਨਾ ਅਧੀਨ ਹੈ। ਇਸ ਪ੍ਰੋਜੈਕਟ ਤੋਂ 175 ਪਿੰਡਾਂ ਦੇ ਲੋਕਾਂ ਨੂੰ ਲਾਭ ਹੋਣ ਦੀ ਉਮੀਦ ਹੈ, ਜਿਨ੍ਹਾਂ ਦੀ ਮੌਜੂਦਾ ਆਬਾਦੀ ਲਗਭਗ 3.20 ਲੱਖ ਹੈ।
ਪੰਜਾਬ ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਕੀਮਾਂ ਨੂੰ ਲਾਗੂ ਕਰਨ ਨਾਲ, ਨਾ ਸਿਰਫ਼ ਜਨਤਕ ਸਿਹਤ ਵਿੱਚ ਸੁਧਾਰ ਹੋਵੇਗਾ ਬਲਕਿ ਪੇਂਡੂ ਆਬਾਦੀ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਵੀ ਹੁਲਾਰਾ ਮਿਲੇਗਾ। ਮੁੰਡੀਆਂ ਮੰਤਰੀ ਨੇ ਦੁਹਰਾਇਆ ਕਿ ਪੇਂਡੂ ਵਸੋਂ ਵਿੱਚ ਜੀਵਨ ਪੱਧਰ ਵਿੱਚ ਸੁਧਾਰ ਕਰਨਾ ਰਾਜ ਸਰਕਾਰ ਦੀ ਮੁੱਖ ਤਰਜੀਹ ਹੈ।
ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਪੇਂਡੂ ਆਬਾਦੀ ਲਈ ਭਰਪੂਰ ਲਾਭ ਯਕੀਨੀ ਬਣਾਉਣ ਵਿੱਚ ਬਹੁਤ ਮਦਦ ਕਰੇਗੀ ਅਤੇ ਇਸ ਦਿਸ਼ਾ ਵਿੱਚ ਰਾਜ ਸਰਕਾਰ ਕੋਈ ਕਸਰ ਨਹੀਂ ਛੱਡ ਰਹੀ ਹੈ। ਮੁੰਡੀਆਂ ਨੇ ਸਮਾਜ ਦੇ ਹਰ ਵਰਗ ਦੀ ਸਮੁੱਚੀ ਭਲਾਈ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ ਦੀ ਵੀ ਪੁਸ਼ਟੀ ਕੀਤੀ।